ਚੰਡੀਗੜ੍ਹ, 6 ਮਾਰਚ, 2024: ਅੱਜ ਚੰਡੀਗੜ੍ਹ ਨਗਰ ਨਿਗਮ ਦੀ 332ਵੀਂ ਜਨਰਲ ਹਾਊਸ ਦੀ ਮੀਟਿੰਗ ਵਿੱਚ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਗਠਜੋੜ ਦੇ ਪਹਿਲੇ ਮੇਅਰ ਕੁਲਦੀਪ ਕੁਮਾਰ ਵਲੋਂ ਚੰਡੀਗੜ੍ਹ ਸ਼ਹਿਰ ਦਾ 2325.21 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ। ਬਜਟ ਦੀ ਸ਼ੁਰੂਆਤ ਮੌਕੇ ਕੁਲਦੀਪ ਕੁਮਾਰ ਵਲੋਂ ਆਪ ਅਤੇ ਕਾਂਗਰਸ ਦੇ ਸੀਨੀਅਰ ਲੀਡਰ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਅਤੇ ਕਾਂਗਰਸ ਪ੍ਰਧਾਨ ਐਚ.ਐਸ. ਲੱਕੀ, ਸਾਰੇ ਕੌਂਸਲਰਾਂ ਅਤੇ ਖਾਸ਼ ਤੌਰ ਤੇ ਕੌਂਸਲਰ ਪੂਨਮ ਕੁਮਾਰੀ, ਨੇਹਾ ਮੁਸਾਵਤ ਅਤੇ ਗੁਰਚਰਨਜੀਤ ਸਿੰਘ ਕਾਲਾ ਦਾ, ਉਨ੍ਹਾਂ ਨੂੰ ਵੋਟ ਪਾ ਕੇ ਚੰਡੀਗੜ੍ਹ ਵਾਸੀਆਂ ਦੀ ਸੇਵਾ ਕਰਨ ਦਾ ਮੌਕੇ ਦੇਣ ਲਈ ਧੰਨਵਾਦ ਕੀਤਾ।
ਮੇਅਰ ਕੁਲਦੀਪ ਕੁਮਾਰ ਵਲੋਂ ਬਜਟ ਵਿੱਚ ਚੰਡੀਗੜ੍ਹ ਵਾਸੀਆਂ ਨੂੰ ਵੱਖੋ–ਵੱਖਰੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਤਹਿਤ ਸ਼ਹਿਰ ਦਾ ਇਨਫਰਾਸਟਰੱਕਚਰ, ਸਿਹਤ ਸਹੂਲਤਾਂ, ਆਵਾਰਾ ਕੁੱਤਿਆਂ ਦਾ ਪ੍ਰਬੰਧ, ਨਵੀਆਂ ਲਾਇਬ੍ਰੇਰੀਆਂ, ਕਮਿਊਨਿਟੀ ਸੈਂਟਰਾਂ ਦੀ ਉਸਾਰੀ, ਬਾਇਓ ਮੀਥੇਨੇਸ਼ਨ ਪਲਾਂਟ ਦੀ ਉਸਾਰੀ, ਗਊਸ਼ਾਲਾਵਾਂ ਵਿੱਚ ਈਟੀਪੀਜ਼ ਦੀ ਉਸਾਰੀ, ਟੀਟੀ ਵਾਟਰ ਪਾਈਪ ਲਾਈਨ ਵਿਛਾਉਣਾ, 24 ਘੰਟੇ ਪਾਣੀ ਮੁਹੱਈਆ ਕਰਵਾਉਣਾ, ਪੇਂਡੂ ਖੇਤਰਾਂ ਵਿੱਚ ਆਧੁਨਿਕ ਸ਼ਹਿਰੀ ਸਹੂਲਤਾਂ ਮੁਹੱਈਆ ਕਰਵਾਉਣ, ਈਡਬਲਿਊਐਸ ਕਲੋਨੀਆਂ ਦੇ ਰੱਖ–ਰਖਾਵ, ਵੈਂਡਿੰਗ ਜ਼ੋਨ ਦੇ ਲਈ ਵੱਡੇ ਫੰਡਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੇਅਰ ਕੁਲਦੀਪ ਕੁਮਾਰ ਵਲੋਂ ਮਜ਼ਬੂਤ ਸ਼ਿਕਾਇਤ ਨਿਵਾਰਣ ਪ੍ਰਣਾਲੀ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਗਿਆ।
ਸ਼ਹਿਰ ਵਿੱਚ ਬਹੁਤ ਸਾਰੇ ਸਰਕਾਰੀ ਹਸਪਤਾਲ ਹਨ, ਜਿਵੇਂ ਕਿ ਪੀਜੀਆਈ, ਸੈਕਟਰ 16 ਅਤੇ 32 ਦਾ ਹਸਪਤਾਲ। ਪਰ ਸਿਹਤ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਨੂੰ ਦੇਖਦੇ ਹੋਏ ਪਿਛਲੇ ਸਾਲ ਦੇ 10 ਲੱਖ ਰੁਪਏ ਦੇ ਬਜਟ ਦੇ ਮੁਕਾਬਲੇ 2.00 ਕਰੋੜ ਰੁਪਏ ਦੇ ਬਜਟ ਦਾ ਪ੍ਰਬੰਧ ਕੀਤਾ ਗਿਅ ਹੈ। ਜਿਸਦੇ ਤਹਿਤ ਦਿੱਲੀ ਦੇ ਮੁਹੱਲਾ ਕਲੀਨਿਕਾਂ ਦੀ ਤਰਜ਼ ਤੇ ਸ਼ਹਿਰ ਵਿੱਚ ਚੰਡੀਗੜ੍ਹ ਕਲੀਨਿਕ ਖੋਲ੍ਹੇ ਜਾਣਗੇ।
ਸ਼ਹਿਰ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਸਾਰੇ ਕਮਿਊਨਿਟੀ ਸੈਂਟਰਾਂ ਵਿੱਚ ਲਾਇਬ੍ਰੇਰੀਆਂ ਸਥਾਪਿਤ ਕਰਨ ਲਈ 1.00 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਕਮਿਊਨਿਟੀ ਸੈਂਟਰਾਂ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਅਤੇ ਨਵੇਂ ਕਮਿਊਨਿਟੀ ਸੈਂਟਰਾਂ ਦੀ ਉਸਾਰੀ ਲਈ 7.15 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਮੇਅਰ ਕੁਲਦੀਪ ਕੁਮਾਰ ਵਲੋਂ ਬਜਟ ਵਿੱਚ ਐਲਾਨ ਕੀਤਾ ਗਿਆ ਕਿ ਇਸ ਸਾਲ ਜੂਨ ਤੱਕ ਪੂਰੇ ਡੰਪਿੰਗ ਗਰਾਊਂਡ ਨੂੰ ਸਾਫ਼ ਕਰਨ ਲਈ ਵਚਨਬੱਧ ਹਾਂ। ਰਾਏਪੁਰ ਕਲਾਂ ਸਥਿਤ ਗਊ ਸ਼ੈੱਡ ਵਿੱਚ ਬਾਇਓ ਮੀਥੇਨੇਸ਼ਨ ਪਲਾਂਟ ਦੀ ਉਸਾਰੀ ਲਈ 37.50 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਮੇਅਰ ਕੁਲਦੀਪ ਕੁਮਾਰ ਵਲੋਂ ਬਜਟ ਦੌਰਾਨ ਚੰਡੀਗੜ੍ਹ ਦੇ ਅੰਦਰ ਸਾਰੇ ਸੀਵਰੇਜ ਟਰੀਟਮੈਂਟ ਪਲਾਂਟ, ਭਾਵੇਂ ਉਹ ਐਸਟੀਪੀ ਧਨਾਸ, ਡਿਗੀਆਂ, ਰਾਏਪੁਰ ਕਲਾਂ ਜਾਂ ਰਾਏਪੁਰ ਖੁਰਦ ਹੋਵੇ, ਦੇ ਲਈ ਸਮਾਰਟ ਸਿਟੀ ਮਿਸ਼ਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਇਹ ਕੰਮ ਬਹੁਤ ਵਧੀਆ ਢੰਗ ਨਾਲ ਕਰ ਰਹੇ ਹਨ। ਇਸਦੇ ਨਾਲ ਹੀ ਸ਼ਹਿਰ ਦੀਆਂ ਸਾਰੀਆਂ ਗਊਸ਼ਾਲਾਵਾਂ ਵਿੱਚ ਈਟੀਪੀਜ਼ ਦੀ ਉਸਾਰੀ ਅਤੇ ਸੰਚਾਲਨ ਲਈ 4.90 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਸ਼ਹਿਰ ਦੇ ਅੰਦਰ 154 ਕਿਲੋਮੀਟਰ ਲੰਬੀ ਟੀਟੀ ਵਾਟਰ ਪਾਈਪ ਲਾਈਨ ਵਿਛਾਉਣ ਲਈ 72.00 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਰਾਹੀਂ 1900 ਤੋਂ ਵੱਧ ਬਗੀਚਿਆਂ, ਪਾਰਕਾਂ ਅਤੇ ਗਰੀਨ ਬੈਲਟਾਂ ਨੂੰ ਟੀਟੀ ਵਾਟਰ ਪਹੁੰਚਾਇਆ ਜਾ ਸਕੇਗਾ।
ਚੰਡੀਗੜ੍ਹ ਦੇ ਇਤਿਹਾਸ ਵਿੱਚ ਇਸ ਸਾਲ ਪਹਿਲੀ ਵਾਰ ਲੋਕਾਂ ਨੂੰ 24 ਘੰਟੇ ਪੀਣ ਵਾਲਾ ਪਾਣੀ ਮਿਲੇਗਾ। ਮਨੀਮਾਜਰਾ ਦੇ ਵਾਸੀਆਂ ਨੂੰ ਇਸ ਸਾਲ ਜੂਨ ਤੋਂ 24 ਘੰਟੇ ਪਾਣੀ ਮਿਲੇਗਾ। ਇਸ ਤੋਂ ਇਲਾਵਾ ਧਨਾਸ, ਖੁੱਡਾ ਅਲੀ ਸ਼ੇਰ, ਖੁੱਡਾ ਲਾਹੌਰ, ਖੁੱਡਾ ਜੱਸੂ, ਕੈਂਬਵਾਲਾ, ਰਾਏਪੁਰ ਕਲਾਂ ਅਤੇ ਸਾਰੰਗਪੁਰ ਤੱਕ ਪਾਣੀ ਪਹੁੰਚਾਇਆ ਜਾਵੇਗਾ। ਜਿਸ ਲਈ 50 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਮੇਅਰ ਕੁਲਦੀਪ ਕੁਮਾਰ ਵਲੋਂ ਬਜਟ ਦੌਰਾਨ ਇਸ ਸਾਲ ਲਾਲ ਡੋਰੇ ਤੋਂ ਬਾਹਰ ਸਾਰੇ ਘਰਾਂ ਨੂੰ ਪਾਣੀ ਦੇ ਕੁਨੈਕਸ਼ਨ ਦੇਣ ਦਾ ਵੀ ਐਲਾਨ ਕੀਤਾ ਗਿਆ
ਸ਼ਹਿਰ ਅੰਦਰ ਆਵਾਰਾ ਕੁੱਤਿਆਂ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸਦੇ ਲਈ ਪੂਰੇ ਬਾਏ ਲਾਅ ਨੂੰ ਲਾਗੂ ਕਰਵਾਉਣ ਦਾ ਐਲਾਨ ਬਜਟ ਵਿੱਚ ਕੀਤਾ ਗਿਆ। ਇਸ ਦੇ ਲਈ ਪਿਛਲੇ ਸਾਲ 50 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਸੀ, ਜਿਸ ਨੂੰ ਵਧਾ ਕੇ ਇਸ ਵਾਰ 2.00 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਇਸ ਤਹਿਤ ਹੋਰ ਏਬੀਸੀ ਸੈਂਟਰ ਖੋਲੇ ਜਾਣਗੇ ਅਤੇ ਆਵਾਰਾ ਕੁੱਤਿਆਂ ਦਾ ਪ੍ਰਬੰਧ ਕੀਤਾ ਜਾਵੇਗਾ। ਨਸਬੰਦੀ ਦੇ ਪ੍ਰੋਗਰਾਮ ਉਲੀਕੇ ਜਾਣਗੇ ਅਤੇ ਟੀਕਾਕਰਨ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਨਫੋਰਸਮੈਂਟ ਟੀਮਾਂ ਵੀ ਬਣਾਈਆਂ ਜਾਣਗੀਆਂ।
ਚੰਡੀਗੜ੍ਹ ਦੇ ਪਿੰਡਾਂ ਵਿੱਚ ਆਧੁਨਿਕ ਸ਼ਹਿਰੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਬਜਟ ਵਿੱਚ ਐਲਾਨ ਕੀਤਾ ਗਿਆ ਹੈ। ਜਿਸ ਲਈ ਕੈਂਬਵਾਲਾ, ਧਨਾਸ, ਖੁੱਡਾ ਜੱਸੂ, ਖੁੱਡਾ ਲਾਹੌਰ, ਖੁੱਡਾ ਅਲੀਸ਼ੇਰ ਅਤੇ ਸਾਰੰਗਪੁਰ ਵਿੱਚ ਬੁਨਿਆਦੀ ਢਾਂਚੇ ਨੂੰ ਹੋਰ ਵਧਾਉਣ ਲਈ 7.40 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਈਡਬਲਿਊਐਸ ਕਲੋਨੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਰੱਖ-ਰਖਾਅ ਦੇ ਲਈ ਇਸ ਸਾਲ 6.00 ਕਰੋੜ ਰੁਪਏ ਦੇ ਬਜਟ ਦਾ ਪ੍ਰਬੰਧ ਕੀਤਾ ਗਿਆ ਹੈ। ਜੋ ਕਿ ਪਿਛਲੇ ਸਾਲ 2 ਕਰੋੜ 88 ਲੱਖ ਰੁਪਏ ਸੀ। ਬਜਟ ਦੌਰਾਨ ਮੇਅਰ ਕੁਲਦੀਪ ਕੁਮਾਰ ਨੇ ਐਲਾਨ ਕੀਤਾ ਕਿ ਅਸੀਂ ਚੰਡੀਗੜ੍ਹ ਪ੍ਰਸ਼ਾਸਨ ਨਾਲ ਗੱਲ ਕਰਕੇ ਈਡਬਲਿਊਐਸ ਕਲੋਨੀਆਂ ਨੂੰ ਨਗਰ ਨਿਗਮ ਅਧੀਨ ਲਿਆਵਾਂਗੇ।
ਸ਼ਹਿਰ ਵਿੱਚ ਵੈਂਡਰਾਂ (ਛੋਟੀਆਂ ਦੁਕਾਨਾਂ ਚਲਾਉਣ ਵਾਲੇ) ਦੇ ਲਈ ਇਸ ਸਾਲ 17.10 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ, ਜੋ ਕਿ ਪਿਛਲੇ ਸਾਲ 10.10 ਕਰੋੜ ਰੁਪਏ ਸੀ। ਬਜਟ ਦੌਰਾਨ ਮੇਅਰ ਕੁਲਦੀਪ ਕੁਮਾਰ ਨੇ ਇਹ ਵੀ ਐਲਾਨ ਕੀਤਾ ਕਿ ਅਸੀਂ ਸ਼ਹਿਰ ਦੇ ਅੰਦਰ ਮਾਡਲ ਵੈਂਡਿੰਗ ਜ਼ੋਨ ਵੀ ਬਣਾਵਾਂਗੇ। ਜਿਨ੍ਹਾਂ ਵੈਂਡਿੰਗ ਜ਼ੋਨ ’ਚ ਕਾਰੋਬਾਰ ਨਹੀਂ ਹੈ, ਉਨ੍ਹਾਂ ਨੂੰ ਨਵੀਆਂ ਥਾਵਾਂ ’ਤੇ ਸ਼ਿਫਟ ਕੀਤਾ ਜਾਵੇਗਾ।
ਸ਼ਹਿਰ ਇੱਕ ਮਜ਼ਬੂਤ ਸ਼ਿਕਾਇਤ ਨਿਵਾਰਣ ਪ੍ਰਣਾਲੀ ਦੇ ਲਈ ਮੇਅਰ ਕੁਲਦੀਪ ਕੁਮਾਰ ਵਲੋਂ ‘ਮੇਅਰ ਆਪ ਕੇ ਦੁਆਰ ਪੇ’ ਮੁਹਿੰਮ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਗਿਆ। ਜਿਸ ਦੇ ਤਹਿਤ ਇਕ-ਇਕ ਕਰਕੇ ਹਰ ਵਾਰਡ ਵਿਚ ਨਗਰ ਨਿਗਮ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਜਾਵੇਗਾ ਅਤੇ ਉਨ੍ਹਾਂ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।
ਸਮਾਪਤੀ ਭਾਸ਼ਣ ਦੌਰਾਨ ਮੇਅਰ ਕੁਲਦੀਪ ਕੁਮਾਰ ਨੇ ਬੋਲਦੇ ਹੋਏ ਕਿਹਾ ਕਿ ਮੈਂ ਨਗਰ ਨਿਗਮ ਦੇ ਸਾਰੇ ਅਧਿਕਾਰੀਆਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸਾਡੇ ਨਾਲ ਇਸ ਬਜਟ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਚੰਡੀਗੜ੍ਹ ਸ਼ਹਿਰ ਨੂੰ ਦੁਨੀਆ ਦਾ ਨੰਬਰ 1 ਸ਼ਹਿਰ ਬਣਾਵਾਂਗੇ ਅਤੇ ਸ਼ਹਿਰ ਵਾਸੀਆਂ ਨੂੰ ਵਧੀਆ ਸੁਵਿਧਾਵਾਂ ਮੁਹੱਈਆ ਕਰਾਵਾਂਗੇ।
ਇਸ ਮੌਕੇ ਉਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਨੇ ਆਪ ਅਤੇ ਕਾਂਗਰਸ ਗਠਜੋੜ ਦੇ ਪਹਿਲੇ ਮੇਅਰ ਕੁਲਦੀਪ ਕੁਮਾਰ ਵਲੋਂ ਚੰਡੀਗੜ੍ਹ ਸ਼ਹਿਰ ਦੇ ਲਈ ਪੇਸ਼ ਕੀਤੇ ਗਏ ਬਜਟ ਦੀ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਇਮਾਨਦਾਰ ਲੋਕਾਂ ਦੀ ਪਾਰਟੀ ਹੈ। ਦਿੱਲੀ ਅਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਗਏ ਸਾਰੇ ਵਾਅਦਿਆਂ ਨੂੰ ਪੂਰਾ ਕਰਕੇ ਸਾਬਿਤ ਕਰ ਦਿੱਤਾ ਹੈ, ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ। ਚੰਡੀਗੜ੍ਹ ਸ਼ਹਿਰ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਵਿਕਾਸ ਦੀਆਂ ਬੁਲੰਦੀਆਂ ਤੇ ਲਿਜਾਇਆ ਜਾਵੇਗਾ ਅਤੇ ਚੰਡੀਗੜ੍ਹ ਨੂੰ ਨੰਬਰ 1 ਸ਼ਹਿਰ ਬਣਾਇਆ ਜਾਵੇਗਾ