ਕਾਰ ‘ਤੇ ਜਾਅਲੀ ਨੰਬਰ ਪਲੇਟ ਲਗਾ ਕੇ ਲੁੱਟ-ਖੋਹ ਕਰਨ ਵਾਲੇ ਤਿੰਨ ਗ੍ਰਿਫਤਾਰ
ਲੁਧਿਆਣਾ, 8 ਸਤੰਬਰ,ਬੋਲੇ ਪੰਜਾਬ ਬਿਊਰੋ :
ਥਾਣਾ ਸਰਾਭਾ ਨਗਰ ਦੀ ਪੁਲਸ ਨੇ ਅਰਟਿਗਾ ਕਾਰ ‘ਤੇ ਜਾਅਲੀ ਨੰਬਰ ਪਲੇਟ ਲਗਾ ਕੇ ਲੁੱਟ-ਖੋਹ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਹਰਮੀਤ ਸਿੰਘ, ਕੇਹਰ ਸਿੰਘ ਅਤੇ ਮਦਨ ਕੁਮਾਰ ਵਾਸੀ ਹੈਬੋਵਾਲ ਕਲਾਂ ਹਨ। ਮੁਲਜ਼ਮਾਂ ਦੇ ਕਬਜ਼ੇ ’ਚੋਂ ਛੇ ਮੋਬਾਈਲ ਫੋਨ, ਐਕਟਿਵਾ ਅਤੇ ਜੁਰਮ ’ਚ ਵਰਤੀ ਜਾਅਲੀ ਨੰਬਰ ਪਲੇਟ ਵਾਲੀ ਕਾਰ ਬਰਾਮਦ ਕੀਤੀ ਗਈ ਹੈ। ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਏ.ਸੀ.ਪੀ. ਗੁਰਦੇਵ ਸਿੰਘ ਨੇ ਦੱਸਿਆ ਕਿ ਨਿਖਿਲ ਸਿਆਲ ਨੇ ਥਾਣਾ ਸਰਾਭਾ ਨਗਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ 28 ਅਗਸਤ ਨੂੰ ਆਪਣੀ ਐਕਟਿਵਾ ‘ਤੇ ਵਾਪਸ ਘਰ ਜਾ ਰਿਹਾ ਸੀ। ਬਰਸਾਤ ਕਾਰਨ ਉਹ ਬਾੜੇਵਾਲ ਵਿਖੇ ਪੁਲ ਹੇਠਾਂ ਖੜ੍ਹਾ ਸੀ। ਇਸ ਦੌਰਾਨ ਅਰਟਿਗਾ ਕਾਰ ਉਸ ਦੇ ਕੋਲ ਆ ਕੇ ਰੁਕ ਗਈ। ਅੰਦਰੋਂ ਦੋ ਨੌਜਵਾਨ ਬਾਹਰ ਆਏ ਤੇ ਇਕ ਨੌਜਵਾਨ ਕਾਰ ਸਟਾਰਟ ਕਰਕੇ ਅੰਦਰ ਹੀ ਬੈਠਾ ਰਿਹਾ।
ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰ ਦੀ ਨੋਕ ’ਤੇ ਉਸ ਦੇ ਦੋ ਮੋਬਾਈਲ ਫੋਨ ਖੋਹ ਲਏ। ਇਸ ਤੋਂ ਬਾਅਦ ਉਹ ਉਸਦੀ ਐਕਟਿਵਾ ਵੀ ਖੋਹ ਕੇ ਫ਼ਰਾਰ ਹੋ ਗਏ। ਉਸ ਨੇ ਤੁਰੰਤ ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ। ਦੂਜੇ ਪਾਸੇ ਸ਼ਿਕਾਇਤ ਮਿਲਣ ਤੋਂ ਬਾਅਦ ਐੱਸ.ਐੱਚ.ਓ. ਪਵਨ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਕੁਝ ਹੀ ਦਿਨਾਂ ਵਿੱਚ ਤਿੰਨਾਂ ਮੁਲਜ਼ਮਾਂ ਨੂੰ ਫੜ ਲਿਆ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਕਾਰ ‘ਤੇ ਜਾਅਲੀ ਨੰਬਰ ਲਗਾ ਕੇ ਤੇ ਉਸ ‘ਚ ਸਵਾਰ ਹੋ ਕੇ ਰਾਹਗੀਰਾਂ ਨੂੰ ਲੁੱਟਦੇ ਸਨ। 2 ਦੋਸ਼ੀਆਂ ਖਿਲਾਫ ਪਹਿਲਾਂ ਵੀ ਮਾਮਲਾ ਦਰਜ ਹੈ।