ਕਿਸਾਨ 10 ਸਤੰਬਰ ਨੂੰ ਦਿੱਲੀ ਹਾਈਵੇ ਜਾਮ ਕਰਨਗੇ
ਲੁਧਿਆਣਾ, 4 ਸਤੰਬਰ,ਬੋਲੇ ਪੰਜਾਬ ਬਿਊਰੋ :
ਜ਼ਿਲ੍ਹੇ ਵਿੱਚ ਲਗਾਈਆਂ ਜਾ ਰਹੀਆਂ ਬਾਇਓਗੈਸ ਫੈਕਟਰੀਆਂ ਖਿਲਾਫ ਕਿਸਾਨਾਂ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਰ ਪਿੰਡ ‘ਚ ਬਾਇਓ ਗੈਸ ਫੈਕਟਰੀਆਂ ਲਗਾਉਣ ਨੂੰ ਲੈ ਕੇ ਕਿਸਾਨਾਂ ‘ਚ ਗੁੱਸਾ ਵਧ ਗਿਆ ਹੈ ਅਤੇ ਉਨ੍ਹਾਂ ਨੇ ਇਸ ਦੇ ਵਿਰੋਧ ‘ਚ 10 ਸਤੰਬਰ ਨੂੰ ਦਿੱਲੀ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ ਹੈ।
ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿੱਚ ਚਾਰ ਥਾਵਾਂ ਅਖਾੜਾ, ਭੂੰਦੜੀ, ਘੁੰਗਰਾਲੀ ਰਾਜਪੂਤ ਅਤੇ ਮੁਸ਼ਕਾਬਾਦ ਵਿਖੇ ਕਿਸਾਨਾਂ ਵੱਲੋਂ ਦਿਨ-ਰਾਤ ਦੀ ਹੜਤਾਲ ਨੂੰ ਲੈ ਕੇ ਕਿਸਾਨਾਂ ਅਤੇ ਸਰਕਾਰ ਦਰਮਿਆਨ ਗੱਲਬਾਤ ਚੱਲ ਰਹੀ ਸੀ ਅਤੇ ਪਿਛਲੇ 5 ਮਹੀਨਿਆਂ ਤੋਂ ਇਨ੍ਹਾਂ ਫੈਕਟਰੀਆਂ ਖ਼ਿਲਾਫ਼ ਕਦੇ ਡੀ.ਸੀ. ਦਫਤਰਾਂ ਤੇ ਕਈ ਵਾਰ ਵਿਧਾਇਕਾਂ ਦੇ ਘਰ ਗੇੜੇ ਮਾਰ ਰਹੇ ਹਨ ਪਰ ਉਨ੍ਹਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ, ਜਿਸ ਤੋਂ ਤੰਗ ਆ ਕੇ ਹੁਣ ਕਿਸਾਨਾਂ ਨੇ ਸੰਘਰਸ਼ ਤੇਜ਼ ਕਰਦਿਆਂ 10 ਸਤੰਬਰ ਨੂੰ ਦਿੱਲੀ ਹਾਈਵੇ ਜਾਮ ਕਰਨ ਦੀ ਚਿਤਾਵਨੀ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ 10 ਸਤੰਬਰ ਨੂੰ ਲੁਧਿਆਣਾ-ਦਿੱਲੀ ਰੋਡ ਨੂੰ ਪੂਰੀ ਤਰ੍ਹਾਂ ਜਾਮ ਕਰਨਗੇ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਗਰਾਉਂ ਦੇ ਬਲਾਕ ਪ੍ਰਧਾਨ ਤਰਸੇਮ ਸਿੰਘ ਬਾਸੂਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਧਰਨੇ ਦੌਰਾਨ ਉਪਰੋਕਤ ਐਲਾਨ ਕੀਤਾ ਹੈ।