ਰਾਜਸਥਾਨ ਦੇ ਗੂਗਾਮਾੜੀ ਵਿਖੇ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨਾਲ ਭਰੇ ਵਾਹਨ ਨੂੰ ਟਰੱਕ ਨੇ ਮਾਰੀ ਟੱਕਰ, 3 ਔਰਤਾਂ ਸਮੇਤ 7 ਦੀ ਮੌਤ
ਜੀਂਦ, 3 ਸਤੰਬਰ,ਬੋਲੇ ਪੰਜਾਬ ਬਿਊਰੋ ;
ਜੀਂਦ ਦੇ ਨਰਵਾਣਾ ਨੇੜੇ ਇੱਕ ਭਿਆਨਕ ਹਾਦਸਾ ਵਾਪਰਿਆ, ਜਿਸ ਵਿੱਚ ਸ਼ਰਧਾਲੂਆਂ ਨਾਲ ਭਰੇ ਇੱਕ ਟਾਟਾ ਮੈਜਿਕ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 3 ਔਰਤਾਂ ਸਮੇਤ 7 ਸ਼ਰਧਾਲੂਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 8 ਹੋਰ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਦਾ ਸਿਵਲ ਹਸਪਤਾਲ ਨਰਵਾਣਾ ਵਿਖੇ ਇਲਾਜ ਚੱਲ ਰਿਹਾ ਹੈ, ਜਿੱਥੋਂ ਉਨ੍ਹਾਂ ਨੂੰ ਅਗਰੋਹਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ।
ਇਹ ਹਾਦਸਾ ਸੋਮਵਾਰ ਰਾਤ ਕਰੀਬ 12:30 ਵਜੇ ਵਾਪਰਿਆ, ਜਦੋਂ ਕੁਰੂਕਸ਼ੇਤਰ ਦੇ ਪਿੰਡ ਮਰਖੇੜੀ ਦੇ 15 ਸ਼ਰਧਾਲੂ ਟਾਟਾ ਮੈਜਿਕ ‘ਚ ਰਾਜਸਥਾਨ ਦੇ ਗੂਗਾਮਾੜੀ ਧਾਮ ‘ਚ ਮੱਥਾ ਟੇਕਣ ਕਰਨ ਜਾ ਰਹੇ ਸਨ। ਪਿੰਡ ਬਿਰਧਾਨਾ ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਟਾਟਾ ਮੈਜਿਕ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ, ਜਿਸ ਕਾਰਨ ਮੈਜਿਕ ਗੱਡੀ ਸੜਕ ਤੋਂ ਉਤਰ ਕੇ ਟੋਇਆਂ ਵਿੱਚ ਪਲਟ ਗਈ। ਟੱਕਰ ਤੋਂ ਬਾਅਦ ਵਾਹਨ ‘ਚ ਸਵਾਰ ਸ਼ਰਧਾਲੂ ਬੁਰੀ ਤਰ੍ਹਾਂ ਫਸ ਗਏ ਅਤੇ ਮੌਕੇ ‘ਤੇ ਹਾਹਾਕਾਰ ਮੱਚ ਗਈ।
ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਨਰਵਾਣਾ ਨੇ ਮੌਕੇ ‘ਤੇ ਪਹੁੰਚ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਬਾਹਰ ਕੱਢਿਆ। ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 7 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ।