ਪ੍ਰੋਫੈਸਰਾਂ ਨੂੰ ਕਾਲਜ ਵਿੱਚੋਂ ਬਾਹਰ ਕੱਢਣ ਕਾਰਨ ਕਲਾਸਾਂ ਲੱਗਣ ਦਾ ਪ੍ਰਬੰਧ ਨਾਂ ਹੋਣ ਦੇ ਰੋਸ ਵਜੋਂ ਧਰਨਾ ਦੇ ਕੇ ਪ੍ਰਿੰਸੀਪਲ ਨੂੰ ਦਿੱਤਾ ਮੰਗ ਪੱਤਰ

Uncategorized

ਪ੍ਰੋਫੈਸਰਾਂ ਨੂੰ ਕਾਲਜ ਵਿੱਚੋਂ ਬਾਹਰ ਕੱਢਣ ਕਾਰਨ ਕਲਾਸਾਂ ਲੱਗਣ ਦਾ ਪ੍ਰਬੰਧ ਨਾਂ ਹੋਣ ਦੇ ਰੋਸ ਵਜੋਂ ਧਰਨਾ ਦੇ ਕੇ ਪ੍ਰਿੰਸੀਪਲ ਨੂੰ ਦਿੱਤਾ ਮੰਗ ਪੱਤਰ

ਮਾਨਸਾ 2 ਸਤੰਬਰ ,ਬੋਲੇ ਪੰਜਾਬ ਬਿਊਰੋ


ਅੱਜ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੇ ਵਿੱਚ ਪੀਟੀਏ ਸਟਾਫ ਵਜੋਂ ਕੰਮ ਕਰ ਰਹੇ ਪ੍ਰੋਫ਼ੈਸਰਾਂ ਅਤੇ ਗੈੱਸਟ ਫੈਕਲਟੀ ਪ੍ਰੋਫੈਸਰਾਂ ਨੂੰ ਕਾਲਜ ਵਿੱਚੋਂ ਬਾਹਰ ਕੱਢਣ ਕਾਰਨ ਵਿਦਿਆਰਥੀਆਂ ਲਈ ਕਲਾਸਾਂ ਦਾ ਪ੍ਰਬੰਧ ਨਾਂ ਹੋਣ ਦੇ ਰੋਸ ਵਜੋਂ ਕਾਲਜ ਦੇ ਗੇਟ ਅੱਗੇ ਧਰਨਾ ਦੇ ਕੇ ਪ੍ਰਿੰਸੀਪਲ ਨੂੰ ਮੰਗ ਪੱਤਰ ਦਿੱਤਾ ਗਿਆ।
ਇਸ ਮੌਕੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ)ਦੇ ਸੂਬਾ ਆਗੂ ਸੁਖਜੀਤ ਰਾਮਾਨੰਦੀ ਅਤੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਖੋਖਰ ਕਲਾਂ ਨੇ ਕਿਹਾ ਕਿ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਮਾਨਸਾ ਵਿੱਚ ਜਿੱਥੇ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਪੀਟੀਏ ਪ੍ਰੋਫੈਸਰ ਅਤੇ ਗੈਸਟ ਫੈਕਲਟੀ ਪ੍ਰੋਫੈਸਰ ਪਿਛਲੇ ਚਾਰ ਮਹੀਨਿਆਂ ਤੋਂ ਆਪਣੇ ਆਪ ਨੂੰ ਬਹਾਲ ਕਰਵਾਉਣ ਦੇ ਲਈ ਸੰਘਰਸ਼ ਕਰ ਰਹੇ ਹਨ ਉੱਥੇ ਵਿਦਿਆਰਥੀ ਵੀ ਆਪਣੀਆਂ ਕਲਾਸਾਂ ਦਾ ਪ੍ਰਬੰਧ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ,ਪਰ ਪ੍ਰਸ਼ਾਸਨ ਅਤੇ ਸਰਕਾਰ ਕੁੰਭਕਰਨੀ ਨੀਂਦ ਸੁੱਤੇ ਪਏ ਹਨ।

ਨਵੀਂ ਸਿੱਖਿਆ ਨੀਤੀ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੇਂਦਰੀ ਸਰਕਾਰ ਦੇ ਸਿਆਸੀ ਮਨਸੂਬਿਆਂ ਤੇ ਪਹਿਰਾ ਦਿੰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਵਿੱਚ ਸੇਵਾਵਾਂ ਦੇ ਲਈ ਨਹੀਂ ਬੁਲਾਇਆ ਜਾ ਰਿਹਾ ਅਤੇ ਬੇਰੁਜ਼ਗਾਰ ਕਰਕੇ ਘਰ ਬਿਠਾ ਕੇ ਸਰਕਾਰ ਦੇ ਬੇਰੁਜ਼ਗਾਰੀ ਵਧਾਉਣ ਦੇ ਏਜੰਡੇ ਨੂੰ ਪੂਰਿਆ ਜਾ ਰਿਹਾ ਹੈ ।ਆਇਸਾ ਦੀ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੀ ਪ੍ਰਧਾਨ ਗਗਨਦੀਪ ਕੌਰ ਮਾਨਸਾ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਦਾਖਲਿਆਂ ਸਮੇਂ ਵਿਦਿਆਰਥੀਆਂ ਤੋਂ ਪੀ ਟੀ ਏ ਫੰਡ ਇਕੱਠਾ ਕਰਨ ਦੇ ਬਾਵਜੂਦ ਵੀ ਵਿਦਿਆਰਥੀਆਂ ਦੀਆਂ ਕਲਾਸਾਂ ਲਗਾ ਕੇ ਸਿੱਖਿਆ ਦੇਣ ਲਈ ਪਾਸਾ ਵੱਟਿਆ ਜਾ ਰਿਹਾ ਹੈ। ਪ੍ਰੋਫੈਸਰਾਂ ਦੀ ਕਾਲਜ ਵਿੱਚੋਂ ਗ਼ੈਰ ਹਾਜ਼ਰੀ ਦੇ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ।ਮੌਜੂਦਾ ਸਰਕਾਰ ਮਾਨਸਾ ਜ਼ਿਲ੍ਹੇ ਅੰਦਰ ਇੱਕੋ ਇੱਕ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਅਧਿਆਪਕਾਂ ਨੂੰ ਨਿਯੁਕਤ ਨਾਂ ਕਰਕੇ ਕਾਲਜ ਨੂੰ ਬੰਦ ਕਰਨ ਦੇ ਰਾਹ ਤੁਰ ਪਈ ਹੈ,ਜਿਸਦੇ ਖ਼ਿਲਾਫ਼ ਜਥੇਬੰਦੀ ਵੱਲੋਂ ਵੱਡੀ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ।ਸਰਕਾਰ ਵੱਲੋਂ ਸਮੁੱਚੇ ਵਿੱਦਿਅਕ ਅਦਾਰਿਆਂ ਵਿੱਚ ਘਟੀਆ ਸਿੱਖਿਅਕ ਪ੍ਰਬੰਧਾਂ ਅਤੇ ਪ੍ਰਸ਼ਾਸਨਿਕ ਪ੍ਰਬੰਧਾਂ ਦੇ ਕਾਰਨ ਅੱਜ ਪੂਰੇ ਪੰਜਾਬ ਦੇ ਅਧਿਆਪਕ,ਪ੍ਰੋਫੈਸਰ ਅਤੇ ਵਿਦਿਆਰਥੀ ਸੜਕਾਂ ਤੇ ਉੱਤਰੇ ਹੋਏ ਹਨ। ਸਰਕਾਰ ਸਿੱਖਿਆ ਅਤੇ ਰੁਜ਼ਗਾਰ ਦੇ ਖੇਤਰ ਵਿੱਚ ਨਿੱਤ ਨਵੇਂ ਤੁਗਲਕੀ ਫੁਰਮਾਨ ਜਾਰੀ ਕਰਕੇ ਵਿਦਿਆਰਥੀ-ਨੌਜਵਾਨਾਂ ਦੇ ਭਵਿੱਖ ਲਈ ਸਵਾਲ ਖੜ੍ਹੇ ਕਰ ਰਹੀ ਹੈ।

ਸਰਕਾਰਾਂ ਦੇ ਅਜਿਹੇ ਰੱਵਈਏ ਕਰਕੇ ਅੱਜ ਦੇਸ਼ ਦੀ ਸਿੱਖਿਆ ਅਤੇ ਆਰਥਿਕ ਪੱਧਰ ਨਿਘਾਰ ਵੱਲ ਜਾ ਰਿਹਾ ਹੈ।ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੀ ਇਕਾਈ ਦੀ ਮੀਤ ਪ੍ਰਧਾਨ ਰਾਧਾ ਨੇ ਮੰਗ ਕੀਤੀ ਕਿ ਕਾਲਜ ਵਿੱਚ ਪੀ.ਟੀ.ਏ ਸਟਾਫ ਅਤੇ ਗੈਸਟ ਫੈਕਲਟੀ ਸਟਾਫ ਨੂੰ ਬਹਾਲ ਕਰਕੇ ਵਿਦਿਆਰਥਣਾਂ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾਣ,ਹਰ ਇੱਕ ਲਈ ਯੋਗਤਾ ਮੁਤਾਬਿਕ ਰੁਜ਼ਗਾਰ ਦੀ ਗਰੰਟੀ ਕੀਤੀ ਜਾਵੇ,ਪੀ ਟੀ ਏ ਪ੍ਰੋਫੈਸਰਾਂ ਦੀਆਂ ਸੇਵਾਵਾਂ ਪੂਰਾ ਸਾਲ( 12 ਮਹੀਨੇ )ਕੀਤੀਆਂ ਜਾਣ,ਕਾਲਜ ਦੇ ਪੀ.ਟੀ.ਏ ਫੰਡ ਦੀ ਵਰਤੋਂ ਕਰਨ ਦਾ ਕਾਲਜ ਪ੍ਰਿੰਸੀਪਲ ਨੂੰ ਪੂਰਾ ਅਧਿਕਾਰ ਦਿੱਤਾ ਜਾਵੇ,ਵਿੱਦਿਅਕ ਅਦਾਰਿਆਂ ਵਿੱਚ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ,ਕਾਲਜ ਅੰਦਰ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ,ਕਾਲਜ ਅੰਦਰ ਸਫ਼ਾਈ ਦਾ ਪ੍ਰਬੰਧ ਕੀਤਾ ਜਾਵੇ,ਕੰਪਿਊਟਰ ਲੈਬ ਲਈ ਲੋੜੀਂਦੇ ਕੰਪਿਊਟਰਾਂ ਦੀ ਮੁਰੰਮਤ ਕਰਵਾਈ ਜਾਵੇ ਅਤੇ ਲੋੜੀਂਦਾ ਫਰਨੀਚਰ ਦਿੱਤਾ ਜਾਵੇ,ਨਵੇਂ ਆਏ ਪ੍ਰੋਫੈਸ਼ਨਲ ਕੋਰਸਾਂ ਲਈ ਉਹਨਾਂ ਦੀ ਸਹੂਲਤ ਅਨੁਸਾਰ ਲੈਬ ਅਤੇ ਉਸ ਸੰਬੰਧੀ ਲੋੜੀਂਦੀਆਂ ਵਸਤੂਆਂ ਉਪਲੱਬਧ ਕਰਵਾਈਆਂ ਜਾਣ,ਲਾਇਬ੍ਰੇਰੀ ਵਿੱਚ ਕਿਤਾਬਾਂ ਉਪਲੱਬਧ ਕਰਵਾਈਆ ਜਾਣ ਅਤੇ ਸਿੱਖਿਆ ਉੱਪਰ ਕੇਂਦਰੀ ਬਜਟ ਦਾ 10 ਪ੍ਰਤੀਸ਼ਤ ਹਿੱਸਾ ਖਰਚ ਕੀਤਾ ਜਾਵੇ।ਇਸ ਮੌਕੇ ਪੀ.ਟੀ.ਏ ਟੀਚਰ ਯੂਨੀਅਨ ਜ਼ਿਲ੍ਹਾ ਮਾਨਸਾ ਵੱਲੋਂ ਪ੍ਰਧਾਨ ਮੈਡਮ ਸੰਤੋਸ਼ ਰਾਣੀ ਦੀ ਅਗਵਾਈ ਵਿੱਚ ਕਾਲਜ ਪ੍ਰਿੰਸੀਪਲ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਪ੍ਰਿੰਸੀਪਲ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਜਲਦੀ ਹੀ ਪੀ.ਟੀ.ਏ ਪ੍ਰੋਫੈਸਰਾਂ ਨੂੰ ਬਹਾਲ ਕਰਵਾ ਕੇ ਵਿਦਿਆਰਥੀਆਂ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ।ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਮੰਗਾਂ ਦਾ ਪ੍ਰਸ਼ਾਸਨ ਵੱਲੋਂ ਹੱਲ ਨਾਂ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਦੋ ਦਿਨ ਮੈਂਬਰਸ਼ਿੱਪ ਕਰਨ ਉਪਰੰਤ ਸੰਘਰਸ਼ ਦੀ ਤਿਆਰੀ ਕਰਕੇ ਡੀਸੀ ਦਫ਼ਤਰ ਮਾਨਸਾ ਵੱਲ ਰੋਸ ਮੁਜਾਹਰਾ ਕੀਤਾ ਜਾਵੇਗਾ।ਇਸ ਮੌਕੇ ਆਇਸਾ ਦੇ ਜ਼ਿਲਾ ਕਮੇਟੀ ਮੈਂਬਰ ਅਰਸ਼ਦੀਪ ਸਿੰਘ ਖੋਖਰ ਕਲਾਂ,ਗੁਰੂ ਨਾਨਕ ਕਾਲਜ ਬੁਢਲਾਡਾ ਦੇ ਆਗੂ ਸੱਤਨਾਮ ਸਿੰਘ ਗੰਢੂ ਖੁਰਦ,ਪ੍ਰਿਤਪਾਲ ਕੌਰ ਸ਼ੇਰਖਾਂ ਵਾਲਾ,ਅਮਨਦੀਪ ਸਿੰਘ ਰਾਮਪੁਰ ਮੰਡੇਰ,ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਇਕਾਈ ਦੀ ਸਕੱਤਰ ਗਗਨਦੀਪ ਕੌਰ ਡੇਲੂਆਣਾ,ਪ੍ਰੈੱਸ ਸਕੱਤਰ ਮਹਿਕਦੀਪ ਕੌਰ,ਖਜਾਨਚੀ ਹੁਸਨਪ੍ਰੀਤ ਕੌਰ ਮੌਜੋ,ਹਰਪ੍ਰੀਤ ਕੌਰ ਡੇਲੂਆਣਾ,ਅੱਕੀ ਕੌਰ ਨੰਗਲ ਕਲਾਂ,ਮਨਦੀਪ ਕੌਰ ਨੰਗਲ ਕਲਾਂ,ਜਸਪ੍ਰੀਤ ਕੌਰ ਨੰਗਲ ਕਲਾਂ ਅਤੇ ਗਗਨਦੀਪ ਕੌਰ ਮੌਜੋ,ਸੁਖਦੀਪ ਕੌਰ ਡੇਲੂਆਣਾ,ਕਮਲਜੀਤ ਕੌਰ ਝੰਡੂਕੇ,ਗੁਰਸ਼ਰਨ ਕੌਰ ਸ਼ਾਹਪੁਰ ਅਤੇ ਆਇਸਾ ਵੱਲੋਂ ਬਾਬਾ ਧਿਆਨ ਦਾਸ ਨੇਬਰਹੁੱਡ ਕੈਂਪਸ ਝੁਨੀਰ ਦੇ ਆਗੂ ਗੁਰਪ੍ਰੀਤ ਸਿੰਘ ਹੀਰਕੇ ਵੀ ਹਾਜ਼ਰ ਸਨ।

Leave a Reply

Your email address will not be published. Required fields are marked *