ਨਵਜੰਮੇ ਬੱਚੇ ਚੁੱਕ ਕੇ ਵੇਚਣ ਵਾਲਾ ਗਿਰੋਹ ਚੜ੍ਹਿਆ ਪੁਲਿਸ ਅੜਿੱਕੇ, ਦੋ ਨਵਜਾਤ ਬਰਾਮਦ
ਪਟਿਆਲਾ, 2 ਸਤੰਬਰ,ਬੋਲੇ ਪੰਜਾਬ ਬਿਊਰੋ :
ਪਟਿਆਲਾ ਪੁਲਿਸ ਨੇ ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਖਤ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਦੌਰਾਨ ਚਾਰ ਔਰਤਾਂ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਦੋ ਨਵਜੰਮੇ ਬੱਚਿਆਂ ਨੂੰ ਬਰਾਮਦ ਕੀਤਾ ਹੈ।ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਇਹ ਗਿਰੋਹ ਕਾਫੀ ਸਮੇਂ ਤੋਂ ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਖਤ ਕਰ ਰਿਹਾ ਸੀ।ਇਨ੍ਹਾਂ ਦੀਆਂ ਤਾਰਾਂ ਮੋਗਾ ਅਤੇ ਮੁਕਤਸਰ ਨਾਲ ਜੁੜੀਆਂ ਹੋਈਆਂ ਹਨ। ਇਹ ਦੋਵੇਂ ਬੱਚੇ ਪਟਿਆਲਾ ਵਿਖੇ ਵੇਚਣ ਲਈ ਆਏ ਸਨ, ਜਦੋਂ ਪੁਲਿਸ ਨੇ ਇਨ੍ਹਾਂ ਨੂੰ ਫੜ ਲਿਆ। ਐਸਪੀ ਆਲਮ ਨੇ ਦੱਸਿਆ ਕਿ ਉਹ ਗਰੀਬ ਤੇ ਲੋੜਵੰਦ ਪਰਿਵਾਰਾਂ ਦੇ ਬੱਚੇ 70 ਤੋਂ 80 ਹਜ਼ਾਰ ਰੁਪਏ ਵਿੱਚ ਖਰੀਦ ਕੇ 5 ਤੋਂ 7 ਲੱਖ ਰੁਪਏ ਵਿੱਚ ਵੇਚਦੇ ਸਨ। ਉਨ੍ਹਾਂ ਦੱਸਿਆ ਕਿ ਸਾਰੇ ਮੁਲਜ਼ਮ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਹਨ ਅਤੇ ਇਨ੍ਹਾਂ ਦੀਆਂ ਤਾਰਾਂ ਦਿੱਲੀ ਤੱਕ ਜੁੜੀਆਂ ਹੋਈਆਂ ਹਨ। ਐਸਪੀ ਆਲਮ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ ਕਿਉਂਕਿ ਇਹ ਬਹੁਤ ਵੱਡਾ ਅਤੇ ਸਰਗਰਮ ਗਿਰੋਹ ਹੈ।