ਜਮਹੂਰੀ ਅਧਿਕਾਰ ਸਭਾ ਦਾ ਤਰਜਮਾਨ ਜਮਹੂਰੀ ਚੇਤਨਾ ਕੀਤਾ ਗਿਆ ਰਲੀਜ਼
ਬਠਿੰਡਾ 1 ਸਤੰਬਰ, ਬੋਲੇ ਪੰਜਾਬ ਬਿਊਰੋ :
ਟੀਚਰਜ਼ ਹੋਮ ਵਿਖੇ ਇੱਕ ਸੰਖੇਪ ਸਮਾਗਮ ਦੌਰਾਨ ਜਮਹੂਰੀ ਅਧਿਕਾਰ ਸਭਾ ਦੀ ਟੀਮ ਵੱਲੋਂ ਸਭਾ ਦਾ ਤਰਜ਼ਮਾਨ ਜਮਹੂਰੀ ਚੇਤਨਾ ਮੈਗਜ਼ੀਨ ਰਲੀਜ਼ ਕੀਤਾ ਗਿਆ l ਮੈਗਜ਼ੀਨ ਦੀਆਂ ਪਹਿਲੀ ਕਾਪੀ ਟੀਚਰਜ਼ ਹੋਮ ਟਰਸਟ ਦੇ ਸਕੱਤਰ ਲਛਮਣ ਸਿੰਘ ਮਲੂਕਾ ਨੂੰ ਭੇਟ ਕੀਤੀ ਗਈl l ਹਾਜ਼ਰ ਮੈਂਬਰਾਂ ਨੂੰ ਸੂਭਾ ਕਮੇਟੀ ਮੈਂਬਰ ਐਨ ਕੇ ਜੀਤ ਤੇ ਜਿਲ੍ਹਾ ਪ੍ਰਧਾਨ ਪ੍ਰਿੰ ਬੱਗਾ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਕੁਝ ਅਰਸੇ ਤੋਂ ਕੁਝ ਵਿਸ਼ੇਸ਼ ਕਾਰਨਾਂ ਕਰਕੇ ਮੈਗਜ਼ੀਨ ਛਪ ਨਹੀਂ ਸੀ ਰਿਹਾ ਤੇ ਇਸ ਦੀ ਬਹੁਤ ਲੋੜ ਮਹਿਸੂਸ ਕੀਤੀ ਜਾ ਰਹੀ ਸੀ l ਇਸ ਕਰਕੇ ਇਸ ਨੂੰ ਫਿਰ ਤੋਂ ਚਾਲੂ ਕੀਤਾ ਗਿਆ ਹੈ l ਇਸ ਲਈ ਸਾਡੇ ਸਮੂਹ ਮੈਂਬਰਾਂ ਨੂੰ ਇਸ ਮੈਗਜ਼ੀਨ ਦਾ ਮੈਟਰ ਪੜ੍ਹ ਕੇ ਇਸ ਸਬੰਧੀ ਵਿਚਾਰ ਸਾਂਝੇ ਕਰਨੇ ਚਾਹੀਦੇ ਹਨ ਅਤੇ ਉਸਾਰੂ ਸੁਝਾਅ ਦੇਣੇ ਚਾਹੀਦੇ ਹਨ l
ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਇਸ ਅੰਕ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਪੈਂਫਲਿਟ ਨੰ-4 ਨੂੰ ਜਬਰ ਵਿਰੋਧੀ ਵਿਸ਼ੇਸ਼ ਅੰਕ ਦਾ ਨਾਂ ਦਿੱਤਾ ਗਿਆ ਹੈ,ਕਿਉਂਕਿ ਇਸ ਵਿੱਚ 1 ਜੁਲਾਈ ਤੋਂ ਭਾਰਤ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਅਪਰਾਧਕ ਕਨੂੰਨਾਂ ਵਿਰੁੱਧ ਉੱਠ ਰਹੇ ਲੋਕ ਰੋਹ ਦੌਰਾਨ ਲੋਕਾਂ ਨੂੰ ਚੇਤਨ ਕਰਨ ਲਈ ਵਿਆਪਕ ਸਮਗਰੀ ਸ਼ਾਮਿਲ ਕੀਤੀ ਗਈ ਹੈ l ਸੰਸਾਰ ਪ੍ਰਸਿੱਧ ਲੇਖਕ ਅਰੁਣਧਤੀ ਰਾਏ ਤੇ ਕਸ਼ਮੀਰ ਦੀ ਸੈਂਟਰਲ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਜਮਹੂਰੀ ਅਤੇ ਕੌਮਾਂਤਰੀ ਹੱਕਾਂ ਦੇ ਪ੍ਰਮੁੱਖ ਵਿਦਵਾਨ ਪ੍ਰੋ ਸ਼ੇਖ ਸ਼ੌਕਤ ਹੁਸੈਨ ਤੇ ਕਾਲੇ ਕਨੂੰਨ ਯੂਏਪੀਏ ਤਹਿਤ ਮੁਕਦਮਾ ਚਲਾਉਣ ਦੀ ਦਿੱਤੀ ਮਨਜੂਰੀ ਦਾ ਵਿਰੋਧ ਕਰਨ ਵਾਲੀ ਸਮਗਰੀ ਵੀ ਇਸ ਵਿੱਚ ਸ਼ਾਮਿਲ ਕੀਤੇ ਗਈ ਹੈ l ਸਭਾ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਜਗਮੋਹਨ ਸਿੰਘ ਵੱਲੋਂ ਲਿਖੀ ਸੰਪਾਦਕੀ ਵਿੱਚ ਉਹਨਾਂ ਜ਼ਿਕਰ ਕੀਤਾ ਹੈ ਕਿ ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਆਪਣੇ 46 ਸਾਲਾਂ ਦੇ ਸਫਰ ਨੂੰ ਪੂਰਾ ਕੀਤਾ ਹੈ। ਇਹ ਸਫਰ ਦਾ ਇੱਕ ਜਰੂਰੀ ਹਿੱਸਾ ਹੈ ਜਮਹੂਰੀ ਹੱਕਾਂ ਦੀ ਚੇਤਨਾ ਦੇ ਪਰਚਮ ਨੂੰ ਉੱਚਾ ਰੱਖਣਾ l ਜਮਹੂਰੀ ਹੱਕਾਂ ਦੀ ਲਹਿਰ ਦੇ ਸੰਗਰਾਮੀ ਸਾਥੀ ਨਾਮਦੇਵ ਸਿੰਘ ਭੁਟਾਲ ਨੂੰ ਯਾਦ ਕਰਦਿਆਂ ਇਹ ਮੈਗਜ਼ੀਨ ਦਾ ਅੰਕ ਉਦੋਂ ਕੱਢਿਆ ਜਾ ਰਿਹਾ ਹੈ,ਜਦੋਂ ਸਮਾਂ ਬਹੁਤ ਚੁਣੌਤੀਆਂ ਪੂਰਨ ਹੈ l ਵੱਖ ਵੱਖ ਜਿਲਿਆਂ ਦੀਆਂ ਸਰਗਰਮੀਆਂ ਦੀਆਂ ਰਿਪੋਰਟਾਂ ਤੋਂ ਇਲਾਵਾ ਇਸ ਵਿੱਚ ਜੂਨ ਮਹੀਨੇ ਸਭਾ ਵੱਲੋਂ ਬਰਨਾਲਾ ਵਿਖੇ ਕੀਤੇ ਗਏ ਸੂਬਾ ਅਜਲਾਸ ਦੀ ਸੰਖੇਪ ਰਿਪੋਰਟ ਵੀ ਸ਼ਾਮਿਲ ਕੀਤੀ ਗਈ ਹੈ l ਅਜਲਾਸ ਸਮੇਂ ਸ਼੍ਰੀਮਤੀ ਰਜਨੀ ਦੇਸਾਈ ਦਾ ਆਇਆ ਵਿਸ਼ੇਸ਼ ਸੰਦੇਸ਼ ਵੀ ਇਸ ਵਿੱਚ ਦਰਜ ਕੀਤਾ ਗਿਆ ਹੈ l ਕਿਰਤੀਆਂ ਦੇ ਹੱਕਾਂ ਤੇ ਹਮਲੇ ਵਜੋਂ ਕਿਰਤ ਕਨੂੰਨਾਂ ਦੀ ਭੰਨਤੋੜ ਕਰਕੇ ਚਾਰ ਕਿਰਤ ਕੋਡ ਬਣਾਏ ਗਏ ਹਨ ਜਿਸ ਨਾਲ ਉਹਨਾਂ ਦੇ ਜਮਹੂਰੀ ਹੱਕਾਂ ਦੇ ਗਲ ਵਿੱਚ ਅੰਗੂਠਾ ਦੇ ਦਿੱਤਾ ਗਿਆ ਹੈ। ਇਸ ਸਬੰਧੀ ਵਿਸਥਾਰਿਤ ਲੇਖ ਵੀ ਇਸ ਵਿੱਚ ਸ਼ਾਮਿਲ ਕੀਤਾ ਗਿਆ ਹੈ। ਸੰਘ ਦੀਆਂ ਸਰਕਾਰਾਂ ਵੱਲੋਂ ਮੁਸਲਮਾਨਾਂ ਤੇ ਦਲਿਤਾਂ ਦੀ ਰੋਟੀ ਰੋਜ਼ੀ ਤੇ ਹਮਲੇ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਡਿਜੀਟਲ ਡਾਟਾ ਸੁਰੱਖਿਆ ਕਾਨੂੰਨ ਤੇ ਇਸ ਨਾਲ ਜੁੜੇ ਖਤਰਿਆਂ ਬਾਰੇ ਵੀ ਵਿਸਥਾਰ ਸਹਿਤ ਇਸ ਅੰਕ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ l ਭਰਿਸ਼ਟਾਚਾਰ ਵਿੱਚ ਗਲ ਤੱਕ ਖੁੱਬੀ ਅਤੇ ਪੇਪਰ ਲੀਕ ਲਈ ਬਦਨਾਮ ਐਨਟੀਏ ਏਜੰਸੀ ਬਾਰੇ ਵੀ ਕਾਫੀ ਜਾਣਕਾਰੀ ਮੁਹਈਆ ਕਰਵਾਈ ਗਈ ਹੈ l ਸਗਰਧਾਂਜਲੀ ਵਜੋਂ ਸੁਰਜੀਤ ਸਿੰਘ ਪਾਤਰ ਦੀਆਂ ਰਚਨਾਵਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ l
ਮੈਗਜ਼ੀਨ ਦੇ ਰਿਲੀਜ਼ ਸਮਾਗਮ ਮੌਕੇ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਤੇ ਸਕੱਤਰ ਐਡਵੋਕੇਟ ਸੁਦੀਪ ਸਿੰਘ ਤੋਂ ਇਲਾਵਾ ਵਿੱਤ ਸਕੱਤਰ ਸੰਤੋਖ ਸਿੰਘ ਮੱਲਣ,ਜ਼ਿਲ੍ਹਾ ਕਮੇਟੀ ਮੈਂਬਰ ਮੰਦਰ ਸਿੰਘ ਜੱਸੀ,ਮੋਹਨ ਨਾਲ, ਮਨੋਹਰ ਦਾਸ,ਮੈਂਬਰ ਕਰਮ ਸਿੰਘ ਤੇ ਕਰਤਾਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ l