ਬਰਨਾਲਾ ਵਿਚ ਘਰ ਦੀ ਛੱਤ ਡਿੱਗਣ ਕਾਰਨ ਬੱਚੇ ਦੀ ਮੌਤ, ਪਰਿਵਾਰਕ ਮੈਂਬਰ ਜਖਮੀ
ਬਰਨਾਲਾ, 30 ਅਗਸਤ,ਬੋਲੇ ਪੰਜਾਬ ਬਿਊਰੋ ‘:
ਬਰਨਾਲਾ ਵਿਚ ਸ਼ੁਕਰਵਾਰ ਨੂੰ ਬਾਰਿਸ਼ ਕਾਰਨ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ। ਉਸਦੇ ਮਾਤਾ ਪਿਤਾ ਅਤੇ ਭੈਣ ਗੰਭੀਰ ਜ਼ਖ਼ਮੀ ਹੋ ਗਏ। ਜਿਨਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਮੁਤਾਬਿਕ ਛੱਤ ਡਿਗਣ ਕਾਰਨ ਪ੍ਰਿੰਸ ਨਾਮ ਦੇ 12 ਸਾਲਾ ਲੜਕੇ ਦੀ ਮੌਤ ਹੋ ਗਈ। ਛੱਤ ਡਿੱਗਣ ਦਾ ਪਤਾ ਜਦੋਂ ਗੁਆਂਢੀਆਂ ਨੂੰ ਲੱਗਿਆ ਤਾਂ ਉਹਨਾਂ ਨੇ ਮੌਕੇ ’ਤੇ ਪਹੁੰਚ ਕੇ ਬੜੀ ਮਸ਼ੱਕਤ ਨਾਲ ਘਰ ਦੇ ਮੈਂਬਰਾਂ ਨੂੰ ਬਾਹਰ ਕੱਢਿਆ। ਜਦੋਂ ਬੱਚੇ ਨੂੰ ਬਾਹਰ ਕੱਢਿਆ ਗਿਆ ਤਾਂ ਉਹ ਮ੍ਰਿਤਕ ਪਾਇਆ ਗਿਆ।
ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਹੀ ਇਹ ਛੱਤ ਡਿੱਗੀ ਹੈ। ਉਹਨਾਂ ਕਿਹਾ ਕਿ ਛੱਤ ਡਿੱਗਣ ਕਾਰਨ ਜਿੱਥੇ ਪਰਿਵਾਰਕ ਮੈਂਬਰ ਜਖ਼ਮੀ ਹੋਏ ਹਨ ਉਥੇ ਹੀ ਉਨ੍ਹਾਂ ਦਾ ਘਰ ਦਾ ਸਾਰਾ ਸਮਾਨ ਵੀ ਟੁੱਟ ਫੁੱਟ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਨੂੰ ਮੁਆਵਜਾ ਦਿੱਤਾ ਜਾਵੇ।