ਨਵੀਆਂ ਕਲਮਾਂ ਨਵੀਂ ਉਡਾਨ ਪੋਜੈਕਟ ਦਾ ਕੀਤਾ ਲੋਕ ਅਰਪਣ
ਫਾਜਿਲਕਾ 29 ਅਗਸਤ ,ਬੋਲੇ ਪੰਜਾਬ ਬਿਊਰੋ ;
ਜ਼ਿੰਦਗੀ ਵਿੱਚ ਸਫ਼ਲ ਹੋਣਾ ਹੈ ਤਾਂ ਮਾਂ ਬੋਲੀ ਦਾ ਪੱਲਾ ਕਦੇ ਨਾ ਛੱਡੋ । ਇਹ ਸ਼ਬਦ ਵਿਜਡਮ ਕਾਨਵੈਂਟ ਸਕੂਲ ਫਾਜ਼ਿਲਕਾ ਵਿਖੇ ਪੰਜਾਬ ਭਵਨ ਸਰੀ ਕਨੇਡਾ ਵੱਲੋਂ ਸੁਖੀ ਬਾਠ ਦੀ ਸਰਪ੍ਰਸਤੀ ਹੇਠ ਚਲਾਏ ਜਾ ਰਹੇ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਨ ਤਹਿਤ ਜ਼ਿਲ੍ਹਾ ਫਾਜ਼ਿਲਕਾ ਦੀ ਮੈਡਮ ਸੋਨੀਆ ਬਜਾਜ ਦੀ ਸੰਪਾਦਨਾ ਹੇਠ ਰਿਲੀਜ਼ ਕੀਤੀ ਗਈ ਪੁਸਤਕ ਨਵੀਆਂ ਕਲਮਾਂ ਨਵੀਂ ਉਡਾਣ ਭਾਗ 18ਵਾਂ ਦੇ ਲੋਕ ਅਰਪਣ ਅਤੇ ਬਾਲ ਲੇਖਕਾਂ ਦੇ ਸਨਮਾਨ ਸਮਾਰੋਹ ‘ਚ ਸ਼ਿਰਕਤ ਕਰਦਿਆਂ ਸੁੱਖੀ ਬਾਠ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਹੇ।
ਉਨਾਂ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਸਮੇਂ ਦੀ ਅਹਿਮੀਅਤ ਅਤੇ ਮਾਂ ਬੋਲੀ ਨੂੰ ਕਦੇ ਨਾ ਭੁੱਲਣ ਬਲਕਿ ਮਾਂ ਬੋਲੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਪ੍ਰੇਰਿਤ ਕੀਤਾ।। ਪ੍ਰੋਜੈਕਟ ਮੀਡੀਆ ਇੰਚਾਰਜ ਸਰਦਾਰ ਗੁਰਵਿੰਦਰ ਸਿੰਘ ਕਾਂਗੜ ਨੇ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਇਹ ਪ੍ਰੋਜੈਕਟ ਸਿਰਫ ਪੰਜਾਬ ਵਿੱਚ ਹੀ ਨਹੀਂ ਗੁਆਂਢੀ ਰਾਜਾਂ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਵੀ ਬੜੀ ਸਫਲਤਾ ਪੂਰਵਕ ਚੱਲ ਰਿਹਾ ਹੈ ,ਜਿਸ ਤਹਿਤ ਬੱਚਿਆਂ ਨੂੰ ਪੰਜਾਬੀ ਸਾਹਿਤ ਦੇ ਨਾਲ ਜੋੜਿਆ ਜਾ ਰਿਹਾ ਹੈ। ਪੰਜਾਬ ਅਤੇ ਪੰਜਾਬੀ ਨੂੰ ਸਮਰਪਿਤ ਇਸ ਪ੍ਰੋਜੈਕਟ ਰਾਹੀਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਪਣੀ ਸਿਰਜਨਾਤਮਕ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ ਹੈ। ਇਸ ਪੁਸਤਕ ਦੀ ਘੁੰਡ ਚੁਕਾਈ ਕਰਦੇ ਸਮੇਂ ਵੱਖ ਵੱਖ ਸਕੂਲਾਂ ਦੇ ਸੱਤ ਵਿਦਿਆਰਥੀਆਂ ਨੇ ਆਪਣੀਆਂ ਰਚਨਾਵਾਂ ਸਟੇਜ ਤੋਂ ਪੇਸ਼ ਕੀਤੀਆਂ। ਨੌਵੀਂ ਜਮਾਤ ਦੇ ਵਿਦਿਆਰਥੀ ਨਿਰਗੁਣ ਨੇ ਪੰਜਾਬੀ ਸੱਭਿਆਚਾਰਕ ਭੰਗੜਾ ਦੀ ਪੇਸ਼ਕਾਰੀ ਕੀਤੀ। ਪ੍ਰਧਾਨਗੀ ਵਜੋਂ ਪ੍ਰੋਗਰਾਮ ਵਿੱਚ ਸ਼ਿਰਕਤ ਕਰਦਿਆਂ ਸ਼੍ਰੀ ਸਤੀਸ਼ ਕੁਮਾਰ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਫ਼ਾਜ਼ਿਲਕਾ ਨੇ ਵਿਦਿਆਰਥੀਆਂ ਦੇ ਲਈ ਚਲਾਏ ਜਾ ਰਹੇ ਇਸ ਪ੍ਰੋਜੈਕਟ ਦੀ ਸ਼ਲਾਘਾ ਕੀਤੀ ।
ਜ਼ਿਲਾ ਭਾਸ਼ਾ ਅਫਸਰ ਫ਼ਾਜ਼ਿਲਕਾ ਭੁਪਿੰਦਰ ਉਤਰੇਜਾ ਵੱਲੋਂ ਇਸ ਪ੍ਰੋਜੈਕਟ ਦੀ ਸਲਾਹਨਾ ਕੀਤੀ ਤੇ ਪੂਰਨ ਸਹਿਯੋਗ ਦੇ ਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਇਆ ਤੇ ਟੀਮ ਫਾਜ਼ਿਲਕਾ ਦੇ ਸੰਪਾਦਕ ਮੈਡਮ ਸੋਨੀਆ ਬਜਾਜ, ਸਹਿ ਸੰਪਾਦਕ ਨੀਤੂ ਅਰੋੜਾ, ਮੈਂਬਰ ਮੀਨਾ ਮਹਿਰੋਕ ,ਅਭੀਜੀਤ ਵਧਵਾ , ਤਰਨਦੀਪ ਸਿੰਘ ਤੇ ਮਨੀਸ਼ ਕੁਮਾਰ ਨੂੰ ਵਧਾਈ ਦਿੰਦੇ ਹੋਏ ਇਹੋ ਜਿਹੇ ਪ੍ਰੋਜੈਕਟ ਵਿਦਿਆਰਥੀਆਂ ਦੇ ਵਿਕਾਸ ਵਿੱਚ ਅਹਿਮ ਰੋਲ ਅਦਾ ਕਰਦੇ ਹਨ ਲਵਜੀਤ ਸਿੰਘ ਨੈਸ਼ਨਲ ਅਵਾਰਡੀ ਨੇ ਵੀ ਇਸ ਪ੍ਰੋਜੈਕਟ ਦੀ ਬਹੁਤ ਸ਼ਲਾਘਾ ਕੀਤੀ।