ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮਹਿਲਾ ਵਰਕਰਾਂ ਨੂੰ ‘ਕੰਮ ਵਾਲੀ ਥਾਂ ‘ਤੇ ਜਿਨਸੀ ਪਰੇਸ਼ਾਨੀ ਦੀ ਰੋਕਥਾਮ’ ਵਿਸ਼ੇ ‘ਤੇ ਸੈਮੀਨਾਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਅਗਸਤ, ਬੋਲੇ ਪੰਜਾਬ ਬਿਊਰੋ :
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਨੇ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 69, ਐਸ.ਏ.ਐਸ.ਨਗਰ ਵਿਖੇ ਮਹਿਲਾ ਵਰਕਰਾਂ ਨੂੰ ਉਨ੍ਹਾਂ ਦੇ ਕੰਮ ਵਾਲੇ ਸਥਾਨਾਂ ‘ਤੇ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ‘ਕੰਮ ਵਾਲੀ ਥਾਂ ‘ਤੇ ਜਿਨਸੀ ਪਰੇਸ਼ਾਨੀ ਦੀ ਰੋਕਥਾਮ’ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕੀਤਾ।
ਸ਼੍ਰੀਮਤੀ ਸੁਰਭੀ ਪਰਾਸ਼ਰ, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਨੇ ਫੈਕਲਟੀ ਮੈਂਬਰਾਂ ਨੂੰ ‘ਪ੍ਰੀਵੈਨਸ਼ਨ ਆਫ਼ ਸੈਕਸੁਅਲ ਹਰਾਸਮੈਂਟ ਐਕਟ’ ਦੇ ਉਪਬੰਧਾਂ ਬਾਰੇ ਜਾਣੂ ਕਰਵਾਇਆ ਅਤੇ ‘ਵਿਸ਼ਾਖਾ ਅਤੇ ਹੋਰ ਬਨਾਮ ਰਾਜਸਥਾਨ ਰਾਜ’ ਦੇ ਕੇਸ ਵਿੱਚ ਮਾਨਯੋਗ ਸੁਪਰੀਮ ਕੋਰਟ ਦੁਆਰਾ ਦਿੱਤੇ ਦਿਸ਼ਾ ਨਿਰਦੇਸ਼ਾਂ ਬਾਰੇ ਚਰਚਾ ਕੀਤੀ।
ਉਨ੍ਹਾਂ ਨੇ ‘ਔਰੇਲੀਆਨੋ ਫਰਨਾਂਡਿਸ ਬਨਾਮ ਗੋਆ ਰਾਜ ਅਤੇ ਹੋਰ’ ਦੇ ਮਾਮਲੇ ਵਿੱਚ ਮਹੱਤਵਪੂਰਨ ਫੈਸਲੇ ਦੀ ਚਰਚਾ ਕੀਤੀ ਜਿਸ ਵਿੱਚ ਮਾਣਯੋਗ ਸੁਪਰੀਮ ਕੋਰਟ ਨੇ ਕੰਮ ਵਾਲੀ ਥਾਂ ‘ਤੇ ਔਰਤਾਂ ਦੇ ਜਿਨਸੀ ਸ਼ੋਸ਼ਣ (ਰੋਕਥਾਮ, ਮਨਾਹੀ, ਅਤੇ ਨਿਵਾਰਣ) ਨੂੰ ਲਾਗੂ ਕਰਨ ਵਿੱਚ ਕਈ ਕਮੀਆਂ ਅਤੇ ਪਾੜੇ ਨੂੰ ਉਜਾਗਰ ਕੀਤਾ ਹੈ।
ਉਨ੍ਹਾਂ ਨੇ ਕੰਮ ਵਾਲੀ ਥਾਂ ‘ਤੇ ਜਿਨਸੀ ਉਤਪੀੜਨ ਦੀ ਰੋਕਥਾਮ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਵੱਖ-ਵੱਖ ਸੁਝਾਅ ਦੇ ਕੇ ਹਾਜ਼ਰੀਨ ਦਾ ਮਾਰਗਦਰਸ਼ਨ ਕੀਤਾ ।