ਸਿੱਖ ਆਗੂ ਤੇਜਿਦਰਪਾਲ ਸਿਘ ਟਿਮਾ ਅਤੇ SSF ਦੇ ਪੁਰਾਣੇ ਨੇਤਾਵਾ ਨੇ ਪਰਮਜੀਤ ਪੰਜਵੜ ਦੀ ਤਸਵੀਰ ਲਾਉਣ ਦੇ ਵਿਰੋਧ ‘ਚ ਜੱਥੇਦਾਰ ਸ੍ਰੀ ਅਕਾਲ ਤਖ਼ਤ ਨੂੰ ਦਿੱਤਾ ਮੰਗ ਪੱਤਰ
ਅੰਮ੍ਰਿਤਸਰ, 27 ਅਗਸਤ,ਬੋਲੇ ਪੰਜਾਬ ਬਿਊਰੋ ;
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪੁਰਾਣੇ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਪਿਛਲੇ ਸਾਲ ਪਾਕਿਸਤਾਨ ਵਿਚ ਮਾਰੇ ਗਏ ਖਾਲਿਸਤਾਨੀ ਅਤਿਵਾਦੀ ਪਰਮਜੀਤ ਸਿੰਘ ਪੰਜਵੜ ਦੀ ਤਸਵੀਰ ਕੇਂਦਰੀ ਅਜਾਇਬ ਘਰ ਵਿਚ ਲਾਉਣ ਦੇ ਫੈਸਲੇ ਦੀ ਮੁੜ ਨਜ਼ਰਸਾਨੀ ਕੀਤੀ ਜਾਵੇ ਤੇ ਉਸਦੀ ਤਸਵੀਰ ਕੇਂਦਰੀ ਅਜਾਇਬ ਘਰ ਵਿਚ ਨਾ ਲਗਾਈ ਜਾਵੇ।
ਰਾਜਸਥਾਨ ਦੇ ਸਿੱਖ ਆਗੂ ਤੇ ਫੈਡਰੇਸ਼ਨ ਦੇ ਸਾਬਕਾ ਅਹੁਦੇਦਾਰ ਭਾਈ ਤੇਜਿਦਰਪਾਲ ਸਿਘ ਟਿਮਾ ਦੀ ਅਗਵਾਈ ਹੇਠ ਆਏ ਇਨਾਂ ਆਗੂਆਂ ਨੇ ਦੱਸਿਆ ਕਿ ਮੀਡੀਆ ਰਿਪੋਰਟਾਂ ਰਾਹੀਂ ਪਤਾ ਲੱਗਾ ਹੈ ਕਿ ਮਹਾਨ ਸਖਸੀਅਤ ਭਾਈ ਗਜਿੰਦਰ ਸਿੰਘ ਨਮਿੱਤ ਪਾਠ ਦੇ ਭੋਗ ਮੌਕੇ ਜਥੇਦਾਰ ਨੇ ਜਿੱਥੇ ਉਹਨਾਂ ਦੀ ਤਸਵੀਰ ਸਿੱਖ ਅਜਾਇਬ ਘਰ ਵਿਖੇ ਲਾਏ ਜਾਣ ਲਈ ਸ਼੍ਰੋਮਣੀ ਕਮੇਟੀ ਨੂੰ ਤਾਕੀਦ ਕੀਤੀ ਉੱਥੇ ਹੀ ਹੋਰ ਸ਼ਖਸੀਅਤਾ ਹਰਦੀਪ ਸਿੰਘ ਨਿੱਝਰ ਅਤੇ ਭਾਈ ਪਰਮਜੀਤ ਸਿੰਘ ਪੰਜਵੜ ਸੰਬੰਧੀ ਦੀ ਇਸੇ ਹੀ ਤਰ੍ਹਾਂ ਦੀ ਤਾਕੀਦ ਸ਼੍ਰੋਮਣੀ ਕਮੇਟੀ ਨੂੰ ਕੀਤੀ ਹੈ।ਇਹਨਾਂ ਆਗੂਆਂ ਨੇ ਕਿਹਾ ਕਿ ਜਥੇਦਾਰ ਨੂੰ ਕਿਹਾ ਕਿ ਉਹ ਉਹਨਾਂ ਦੇ ਧਿਆਨ ਵਿਚ ਲਿਆਉਣਾ ਚਾਹੁੰਦੇ ਹਨ ਕਿ ਭਾਈ ਗਜਿੰਦਰ ਸਿੰਘ ਤੇ ਭਾਈ ਹਰਦੀਪ ਸਿੰਘ ਨਿੱਝਰ ਦੀਆਂ ਤਸਵੀਰਾਂ ਸਿੱਖ ਅਜਾਇਬ ਘਰ ਵਿਖੇ ਲਾਏ ਜਾਣ ਦੀ ਗੱਲ ਕਰਨਾ ਜਿੱਥੇ ਸ਼ਲਾਘਾਯੋਗ ਹੈ, ਓਥੇ ਹੀ ਭਾਈ ਪਰਮਜੀਤ ਸਿੰਘ ਪੰਜਵੜ ਦੀ ਤਸਵੀਰ ਸਿੱਖ ਅਜਾਇਬ ਘਰ ਵਿਖੇ ਲਾਏ ਜਾਣ ਦੀ ਗੱਲ ਕਰਨੀ ਸਮੂਹ ਸਿੱਖ ਜਗਤ ਨੂੰ ਉਜੱਡਪੁਣੇ ਅਤੇ ਜ਼ੋਰ ਜ਼ਬਰ ਦਾ ਰਾਹ ਦਿਖਾਉਣ ਬਰਾਬਰ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਭਾਈ ਪਰਮਜੀਤ ਸਿੰਘ ਪੰਜਵੜ ਉਹ ਸ਼ਖਸ਼ ਹੈ ਜਿਸ ਨੇ ਸੰਘਰਸ ਦੀ ਆੜ ਵਿੱਚ ਸੰਤ ਭਿੰਡਰਾਵਾਲਿਆ ਦੇ ਸਾਥੀ ਭਾਈ ਹਰਮਿੰਦਰ ਸਿੰਘ ਸੰਧੂ, ਭਾਈ ਸੁਖਵੰਤ ਸਿੰਘ ਅੱਕਾਂਵਾਲੀ ਤੇ ਭਾਈ ਚਮਕੌਰ ਸਿੰਘ ਵਰਗੇ ਨੌਜਵਾਨ ਸਿੱਖ ਆਗੂਆਂ ਦਾ ਕਤਲ ਕਰ ਕੇ ਇੱਕ ਪਾਸੜ ਭਰਾ ਮਾਰੂ ਕਤਲੋਗਾਰਤ ਨੂੰ ਹਵਾ ਦਿੱਤੀ। ਆਗੂਆਂ ਨੇ ਕਿਹਾ ਕਿ ਭਾਈ ਪਰਮਜੀਤ ਸਿੰਘ ਪੰਜਵੜ ਉਸ ਪੰਥਕ ਕਮੇਟੀ ਦਾ ਸਿਰਕਢ ਜਰਨੈਲ ਸੀ ਜਿਸਨੇ 1992 ਵਿਚ ਬੰਦੂਕ ਦੀ ਨੋਕ ’ਤੇ ਚੋਣਾਂ ਦਾ ਬਾਈਕਾਟ ਕਰਵਾਉਣ ਦਾ ਐਲਾਨ ਕਰਵਾ ਕੇ ਅਤੇ ਚੋਣਾਂ ਲੜਨ ਵਾਲੇ 27 ਦੇ ਕਰੀਬ ਪੰਥਕ ਉਮੀਦਵਾਰ ਕਤਲ ਕਰਕੇ ਕਾਂਗਰਸ ਦੇ ਖੂਨੀ ਪੰਜੇ ਲਈ ਰਾਹ ਸਾਫ ਕੀਤਾ। ਜਿਸ ਮਗਰੋਂ ਬੇਅੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਕਥਿਤ ਤੌਰ ’ਤੇ ਨੌਜਵਾਨ ਸਿੱਖ ਕੌਹ ਕੋਹ ਕੇ ਮਾਰੇ ਸਨ।
ਇਹਨਾਂ ਆਗੂਆਂ ਨੇ ਤੱਥਾਂ ਦੀ ਪੜਚੋਲ ਕਰਦੇ ਕੁਝ ਅਹਿਮ ਦਸਤਾਵੇਜ਼ ਵੀ ਆਪਣੇ ਮੰਗ ਪੱਤਰ ਨਾਲ ਨੱਥੀ ਕੀਤੇ ਹਨ।
ਇਹਨਾਂ ਨੇ ਮੰਗ ਕੀਤੀ ਹੈ ਕਿ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਭਾਈ ਪਰਮਜੀਤ ਸਿੰਘ ਪੰਜਵੜ ਦੀ ਤਸਵੀਰ ਸੰਬੰਧੀ ਸ਼੍ਰੋਮਣੀ ਕਮੇਟੀ ਨੂੰ ਕੀਤੀ ਗਈ ਤਾਕੀਦ ਤੇ ਪੁਨਰ ਵਿਚਾਰ ਕੀਤਾ ਜਾਵੇ।
ਇਸ ਮੌਕੇ ਡਾਕਟਰ ਭਗਵਾਨ ਸਿੰਘ, ਸਵਰਨ ਸਿੰਘ ਖਾਲਸਾ, ਪ੍ਰੋ ਕੁਲਬੀਰ ਸਿੰਘ ਅਤੇ ਰਣਜੀਤ ਸਿੰਘ ਰਾਣਾ ਆਦਿ ਹਾਜ਼ਰ ਸਨ।