ਪੰਜਾਬ ਪੁਲਿਸ ਨੇ ਰਮਨਜੀਤ ਰੋਮੀ ਨੂੰ ਤੜਕੇ 3 ਵਜੇ ਕੀਤਾ ਅਦਾਲਤ ਵਿੱਚ ਪੇਸ਼
ਪਟਿਆਲਾ, 23 ਅਗਸਤ,ਬੋਲੇ ਪੰਜਾਬ ਬਿਊਰੋ :
ਪੰਜਾਬ ਪੁਲਿਸ ਨੇ ਰਮਨਜੀਤ ਰੋਮੀ ਨੂੰ ਅੱਜ ਸ਼ੁੱਕਰਵਾਰ ਤੜਕੇ 3 ਵਜੇ ਨਾਭਾ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ 20 ਮਿੰਟ ਦੀ ਬਹਿਸ ਤੋਂ ਬਾਅਦ ਮਾਣਯੋਗ ਅਦਾਲਤ ਨੇ ਰਮਨਜੀਤ ਰੋਮੀ ਨੂੰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਨਾਭਾ ਜੇਲ੍ਹ ਬਰੇਕ ਕਾਂਡ ਦੇ ਮਾਸਟਰ ਮਾਈਂਡ ਰਮਨਜੀਤ ਸਿੰਘ ਰੋਮੀ ਨੂੰ ਭਾਰਤ ਸਰਕਾਰ ਦੀ ਬੇਨਤੀ ‘ਤੇ ਪੰਜਾਬ ਪੁਲਿਸ ਵੱਲੋਂ ਹਾਂਗਕਾਂਗ ਤੋਂ ਦੇਸ਼ ਲਿਆਂਦਾ ਗਿਆ ਸੀ, ਜਿਸ ਦੀ ਅਗਵਾਈ ਐਸਪੀ ਹਰਵਿੰਦਰ ਸਿੰਘ ਵਿਰਕ ਕਰ ਰਹੇ ਸਨ। ਟੀਮ ਵਿੱਚ ਡੀਐਸਪੀ ਦਵਿੰਦਰ ਅੱਤਰੀ, ਡੀਐਸਪੀ ਵਿਕਰਮ ਬਰਾੜ ਤੋਂ ਇਲਾਵਾ ਕਈ ਐਸਐਚਓ ਹੈਰੀ ਬੋਪਾਰਾਏ, ਰੌਨੀ ਸੈਲ ਵੀ ਸ਼ਾਮਲ ਸਨ।
ਰਮਨਜੀਤ ਰੋਮੀ ਜੋ 2018 ਵਿੱਚ ਹਾਂਗਕਾਂਗ ਦੀ ਜੇਲ੍ਹ ਵਿੱਚ ਬੰਦ ਸੀ।
ਹੁਣ ਉਹ ਅਦਾਲਤ ਦੇ ਅਗਲੇ ਹੁਕਮਾਂ ਤੱਕ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਹੀ ਰਹੇਗਾ। ਵੀਰਵਾਰ ਸ਼ਾਮ 5 ਵਜੇ ਦਿੱਲੀ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਪੰਜਾਬ ਪੁਲਿਸ ਰਾਤ 9 ਵਜੇ ਤੋਂ ਬਾਅਦ ਦਿੱਲੀ ਤੋਂ ਪੰਜਾਬ ਲਈ ਰਵਾਨਾ ਹੋਈ ਅਤੇ ਸਵੇਰੇ 3 ਵਜੇ ਨਾਭਾ ਪਹੁੰਚੀ। ਭਾਰੀ ਪੁਲਿਸ ਫੋਰਸ ਦੀ ਸੁਰੱਖਿਆ ਹੇਠ ਰਮਨਜੀਤ ਰੋਮੀ ਨੂੰ ਪਹਿਲਾਂ ਅਦਾਲਤ ‘ਚ ਪੇਸ਼ ਕਰਕੇ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ, ਉਪਰੰਤ ਰੋਮੀ ਦਾ ਸਿਵਲ ਹਸਪਤਾਲ ਨਾਭਾ ਵਿਖੇ ਮੈਡੀਕਲ ਵੀ ਕਰਵਾਇਆ ਗਿਆ।