ਪੰਜਾਬ ਪੁਲਿਸ ਨੇ ਨਾਭਾ ਜੇਲ੍ਹ ਬ੍ਰੇਕ ਦੇ ਮਾਸਟਰਮਾਈਂਡ ਰਮਨਜੀਤ ਰੋਮੀ ਨੂੰ ਹਾਂਗਕਾਂਗ ਤੋਂ ਹਵਾਲਗੀ ਉਪਰੰਤ ਵਾਪਸ ਭਾਰਤ ਲਿਆਂਦਾ
ਚੰਡੀਗੜ੍ਹ, 22 ਅਗਸਤ ,ਬੋਲੇ ਪੰਜਾਬ ਬਿਊਰੋ :
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਿਆਂ ਯਕੀਨੀ ਬਣਾਉਣ ਸਬੰਧੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਪੰਜਾਬ ਪੁਲਿਸ ਨੇ 2016 ਦੇ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮਾਸਟਰਮਾਈਂਡ ਰਮਨਜੀਤ ਸਿੰਘ ਉਰਫ਼ ਰੋਮੀ ਦੀ ਹਾਂਗਕਾਂਗ ਤੋਂ ਸੁਰੱਖਿਅਤ ਹਵਾਲਗੀ ਪ੍ਰਾਪਤ ਕਰ ਲਈ ਹੈ ਅਤੇ ਉਸ ਨੂੰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੀ ਟੀਮ ਵੱਲੋਂ ਅੱਜ ਭਾਰਤ ਵਾਪਸ ਲਿਆਂਦਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਆਪਣੇ ਐਕਸ ਪਲੇਟਫਾਰਮ (ਪਹਿਲਾਂ ਟਵਿੱਟਰ) ਉੱਤੇ ਪੋਸਟ ਰਾਹੀਂ ਦੱਸਿਆ, “ਪੰਜਾਬ ਪੁਲਿਸ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ, ਨਿਆਂ ਨੂੰ ਯਕੀਨੀ ਬਣਾਉਣ ਲਈ ਅੱਜ ਮੁੱਖ ਸਾਜ਼ਿਸ਼ਕਰਤਾ ਰੋਮੀ ਨੂੰ ਵਾਪਸ ਭਾਰਤ ਲਿਆਂਦਾ ਜਾ ਰਿਹਾ ਹੈ। ਉਹ #ISI ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ((#KLF) ਦੇ ਹੋਰ ਫਰਾਰ ਕੈਦੀਆਂ ਸਮੇਤ ਹਰਮਿੰਦਰ ਸਿੰਘ ਮਿੰਟੂ ਅਤੇ ਕਸ਼ਮੀਰ ਸਿੰਘ ਗਲਵੱਡੀ ਦੇ ਸੰਪਰਕ ਵਿੱਚ ਸੀ।”
ਡੀਜੀਪੀ ਨੇ ਟਵੀਟ ਵਿੱਚ ਅੱਗੇ ਲਿਖਿਆ, “ਅਸੀਂ ਇਸ ਅੰਤਰਰਾਸ਼ਟਰੀ ਸਹਿਯੋਗ ਲਈ ਹਾਂਗਕਾਂਗ ਦੇ ਅਧਿਕਾਰੀਆਂ, ਸੀਬੀਆਈ, ਗ੍ਰਹਿ ਮੰਤਰਾਲੇ, ਵਿਦੇਸ਼ ਮੰਤਰਾਲੇ ਅਤੇ ਹੋਰ ਸਾਰੀਆਂ ਕੇਂਦਰੀ ਏਜੰਸੀਆਂ ਦਾ ਧੰਨਵਾਦ ਕਰਦੇ ਹਾਂ।”
ਜ਼ਿਕਰਯੋਗ ਹੈ ਕਿ ਭਗੌੜੇ ਰਮਨਜੀਤ ਸਿੰਘ ਉਰਫ਼ ਰੋਮੀ ਨੇ 27 ਨਵੰਬਰ 2016 ਨੂੰ ਸਵੇਰੇ 9 ਵਜੇ ਦੇ ਕਰੀਬ ਵਾਪਰੇ ਨਾਭਾ ਜੇਲ੍ਹ ਬ੍ਰੇਕ ‘ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਕਾਂਡ ‘ਚ ਗੈਂਗਸਟਰਾਂ ਨੇ ਪੁਲਿਸ ਦੀ ਵਰਦੀ ਪਾ ਕੇ ਉੱਚ ਸੁਰੱਖਿਆ ਵਾਲੀ ਜੇਲ੍ਹ ਵਿੱਚ ਘੁਸਪੈਠ ਕਰਕੇ 6 ਖਤਰਨਾਕ ਕੈਦੀਆਂ/ਗੈਂਗਸਟਰਾਂ ਨੂੰ ਫ਼ਰਾਰ ਕਰਵਾਇਆ ਸੀ। ਇਹਨਾਂ ਗੈਂਗਸਟਰਾਂ ਵਿੱਚ ਹਰਮਿੰਦਰ ਸਿੰਘ ਉਰਫ ਮਿੰਟੂ, ਗੁਰਪ੍ਰੀਤ ਸਿੰਘ ਸੇਖੋਂ, ਅਮਨਦੀਪ ਸਿੰਘ ਢੋਟੀਆਂ, ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ, ਕਸ਼ਮੀਰ ਸਿੰਘ ਉਰਫ ਗਲਵੱਡੀ ਅਤੇ ਗੈਂਗਸਟਰ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਇਹਨਾਂ ਵਿੱਚੋਂ ਵਿੱਕੀ ਗੌਂਡਰ ਨੂੰ ਬਾਅਦ ਵਿੱਚ ਪੰਜਾਬ ਪੁਲਿਸ ਨੇ 26 ਜਨਵਰੀ 2018 ਨੂੰ ਰਾਜਸਥਾਨ ਵਿਖੇ ਮਾਰ ਮੁਕਾਇਆ ਸੀ, ਜਦਕਿ ਹੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਰੋਮੀ, ਜੋ ਸ਼ੇਰਾ ਖੁੱਬਣ/ਵਿੱਕੀ ਗੌਂਡਰ ਗੈਂਗ ਦਾ ਮੁੱਖ ਮੈਂਬਰ ਹੈ, ਨੇ ਨਾਭਾ ਜੇਲ੍ਹ ਬ੍ਰੇਕ ਨੂੰ ਅੰਜਾਮ ਦੇਣ ਲਈ ਗੈਂਗ ਮੈਂਬਰਾਂ ਨੂੰ ਵਿੱਤੀ ਸਹਾਇਤਾ, ਹਥਿਆਰ ਅਤੇ ਜੇਲ੍ਹ ‘ਚ ਅੰਦਰ ਜਾਣ ਲਈ ਜਾਅਲੀ ਆਈਡੀ ਮੁਹੱਈਆ ਕਰਵਾਏ ਸਨ। ਇਸ ਦੇ ਨਾਲ ਹੀ ਜੇਲ੍ਹ ਵਿੱਚੋਂ ਫਰਾਰ ਹੋਏ ਕੈਦੀਆਂ ਨੂੰ ਸੁਰੱਖਿਅਤ ਘਰ ਅਤੇ ਛੁਪਣਗਾਹਾਂ ਵੀ ਮੁਹੱਈਆ ਕਰਵਾਈਆਂ ਸਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਲਗਾਤਾਰ ਜਾਂਚ ਅਤੇ ਅਪਰੇਸ਼ਨਾਂ ਰਾਹੀਂ ਨਾਭਾ ਜੇਲ੍ਹ ਬ੍ਰੇਕ ਦੇ ਕੁੱਲ 26 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਚਾਰਜਸ਼ੀਟ ਕੀਤਾ ਗਿਆ ਸੀ, ਜਦੋਂ ਕਿ ਰਮਨਜੀਤ ਸਿੰਘ ਉਰਫ਼ ਰੋਮੀ, ਜੋ ਕਿ ਵਿਦੇਸ਼ੀ ਹੈਂਡਲਰ ਸੀ, ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਰਮਨਜੀਤ, ਜੋ ਕਿ ਆਈਐਸਆਈ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਦੇ ਹਰਮਿੰਦਰ ਸਿੰਘ ਮਿੰਟੂ ਅਤੇ ਕਸ਼ਮੀਰ ਸਿੰਘ ਗਲਵੱਡੀ ਦੇ ਸੰਪਰਕ ਵਿੱਚ ਵੀ ਸੀ, ਜੇਲ੍ਹ ਬਰੇਕ ਦਾ ਮਾਸਟਰਮਾਈਂਡ ਸੀ।
ਡੀਜੀਪੀ ਨੇ ਕਿਹਾ ਕਿ ਨਿਆਂ ਨੂੰ ਯਕੀਨੀ ਬਣਾਉਣ ਸਬੰਧੀ ਸਾਡੀ ਨਿਰੰਤਰ ਕੋਸ਼ਿਸ਼ ਨੇ ਰੋਮੀ ਦੇ ਖਿਲਾਫ ਲੁੱਕ ਆਉਟ ਸਰਕੂਲਰ ਅਤੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ। ਉਸਦੀ ਹਵਾਲਗੀ ਲੈਣ ਸਬੰਧੀ ਪ੍ਰਕਿਰਿਆ 2018 ਵਿੱਚ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ ਹਾਂਗਕਾਂਗ ਨਾਲ ਆਪਸੀ ਕਾਨੂੰਨੀ ਸਹਾਇਤਾ ਸੰਧੀ ਤਹਿਤ ਕੀਤੀ ਗਈ ਸੀ ਅਤੇ ਇਸ ਕੇਸ ਨੂੰ ਨਿਆਂ ਵਿਭਾਗ ਅਤੇ ਮਾਨਯੋਗ ਹਾਂਗਕਾਂਗ ਅਦਾਲਤ ਵਿੱਚ ਠੋਸ ਢੰਗ ਨਾਲ ਪੇਸ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਹਾਂਗਕਾਂਗ ਦੇ ਮਾਨਯੋਗ ਮੁੱਖ ਕਾਰਜਕਾਰੀ ਅਧਿਕਾਰੀ ਵੱਲੋਂ 6 ਅਗਸਤ, 2024 ਨੂੰ ਰੋਮੀ ਦੇ ਆਤਮ ਸਮਰਪਣ ਸਬੰਧੀ ਆਦੇਸ਼ ਜਾਰੀ ਕੀਤਾ ਗਿਆ ਸੀ।
ਡੀਜੀਪੀ ਗੌਰਵ ਯਾਦਵ ਨੇ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਵਾਲੀ ਏਜੀਟੀਐਫ ਦੀ ਸਮੁੱਚੀ ਟੀਮ ਦੇ ਸਖ਼ਤ ਯਤਨਾਂ ਦੀ ਪ੍ਰਸ਼ੰਸਾ ਕੀਤੀ ਜਿਸ ਤਹਿਤ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ (ਐਮਈਏ) ਦੇ ਸਹਿਯੋਗ ਨਾਲ ਇੱਕ ਬੇਮਿਸਾਲ ਅੰਤਰਰਾਸ਼ਟਰੀ ਆਪ੍ਰੇਸ਼ਨ ਨੂੰ ਸਫ਼ਲਤਾਪੂਰਵਕ ਨੇਪੜੇ ਚਾੜ੍ਹ ਕੇ ਪੰਜਾਬ ਪੁਲਿਸ ਦੀ ਦ੍ਰਿੜਤਾ ਅਤੇ ਯੋਗਤਾ ਨੂੰ ਦਰਸਾਇਆ ਹੈ।