ਪੰਜਾਬ ਸਰਕਾਰ ਚੰਗੀਆਂ ਸਿਹਤ ਸਹੂਲਤਾਂ ਦੇਣ ‘ਚ ਬੁਰੀ ਤਰ੍ਹਾਂ ਨਾਕਾਮ: ਖੰਨਾ
ਚੰਡੀਗੜ੍ਹ, 22 ਅਗਸਤ ,ਬੋਲੇ ਪੰਜਾਬ ਬਿਊਰੋ :
ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਦੇ ਕਾਰਨ ਸਿਹਤ ਵਿਭਾਗ ਡੇਂਗੂ ਵਰਗੀ ਗੰਭੀਰ ਬਿਮਾਰੀ ਨੂੰ ਠੱਲ੍ਹ ਪਾਉਣ ਵਿੱਚ ਨਾਕਾਮ ਹੈ। ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਸ਼੍ਰੀ ਖੰਨਾ ਨੇ ਕਿਹਾ ਕਿ ਸਿਹਤ ਵਿਭਾਗ ਦੇ ਨਾਲ-ਨਾਲ ਸਥਾਨਕ ਸਰਕਾਰਾਂ ਵਿਭਾਗ ਵੀ ਅਜਿਹੀ ਸਥਿਤੀ ਨਾਲ ਟਾਕਰਾ ਕਰਨ ਵਿੱਚ ਨਾਕਾਮ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਰੋਜ਼ ਅਖ਼ਬਾਰਾਂ ਵਿੱਚ ਡੇਂਗੂ ਦੇ ਵਧ ਰਹੇ ਮਰੀਜਾਂ ਅਤੇ ਖਾਸਕਰ ਸ਼ਹਿਰੀ ਇਲਾਕਿਆਂ ਵਿੱਚ ਪਾਣੀ ਦੀ ਨਿਕਾਸੀ ਦੀ ਕਮੀਂ ਨਾਲ ਸਬੰਧਿਤ ਖ਼ਬਰਾ ਪ੍ਰਕਾਸ਼ਿਤ ਹੋ ਰਹੀਆਂ ਹਨ, ਪਰ ਪੰਜਾਬ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ।
ਉਨ੍ਹਾਂ ਕਿਹਾ ਕਿ ਬਰਸਾਤਾਂ ਦਾ ਮੌਸਮ ਚੱਲ ਰਿਹਾ ਹੈ ਪਰ ਨਾ ਤਾਂ ਸਿਹਤ ਵਿਭਾਗ ਅਤੇ ਨਾ ਹੀ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਖੜ੍ਹੇ ਹੋਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਕੋਈ ਅਗੇਤੀ ਤਿਆਰੀ ਕੀਤੀ ਗਈ ਹੈ। ਜਿਸ ਕਾਰਨ ਸੂਬੇ ਦੇ ਲੋਕਾਂ ਦੀ ਸਿਹਤ ਸੰਭਾਲ ਰੱਬ ਆਸਰੇ ਹੀ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਨੂੰ ਮਾਨਸੂਨ ਦੇ ਮੌਸਮ ਨੂੰ ਦੇਖਦੇ ਹੋਏ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਸਨ ਪਰ ਸਰਕਾਰ ਦੀ ਨਲਾਇਕੀ ਦੇ ਕਾਰਨ ਇਸ ਗੰਭੀਰ ਮਸਲੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਆਮ ਆਦਮੀਂ ਕਲੀਨਿਕ ਖੋਲ੍ਹ ਕੇ ਬੇਹਤਰ ਸਿਹਤ ਸਹੂਲਤਾਂ ਦੇਣ ਵਾਲੀ ਮਾਨ ਸਰਕਾਰ ਹਰ ਪਾਸੇ ਤੋਂ ਸੂਬੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿੱਚ ਅਸਫਲ ਰਹੀ ਹੈ। ਉਨਾਂ ਕਿਹਾ ਕਿ ਮੁਹੱਲਾ ਕਲਿਨਿਕਾਂ ਦੇ ਬਾਵਜੂਦ ਘਰ ਘਰ ਡੇਂਗੂ ਦੇ ਮਰੀਜ਼ ਆਉਣੇ ਜਾਰੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਨ.ਆਰ.ਐਚ.ਐਮ ਵੱਲੋਂ ਸਿਹਤ ਸਹੂਲਤਾਂ ਲਈ ਦਿੱਤੇ ਜਾਂਦੇ ਕਰੋੜਾਂ ਰੁਪਏ ਦੇ ਬਜ਼ਟ ਦੀ ਵੀ ਦੁਰਵਰਤੋਂ ਕੀਤੀ ਜਾ ਰਹੀ ਹੈ। ਜਿਸ ਕਾਰਨ ਹੀ ਖਾਸਕਰ ਪੇਂਡੂ ਇਲਾਕਿਆਂ ਵਿੱਚ ਸਿਹਤ ਸਹੂਲਤਾਂ ਦਾ ਦਿਵਾਲਾ ਨਿਕਲਿਆ ਹੋਇਆ ਹੈ।