ਚੰਡੀਗੜ੍ਹ, ਬੋਲੇ ਪੰਜਾਬ ਬਿਉਰੋ:
ਮੌਸਮ ਵਿਭਾਗ ਅਨੁਸਾਰ ਅੱਜ ਤੋਂ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਵਿੱਚ ਮੌਸਮ ਖੁੱਲ੍ਹ ਜਾਵੇਗਾ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 5 ਤੋਂ 6 ਦਿਨਾਂ ‘ਚ ਕੋਈ ਵੈਸਟਰਨ ਡਿਸਟਰਬੈਂਸ ਨਹੀਂ ਹੈ ਅਤੇ ਮੌਸਮ ਪੂਰੀ ਤਰ੍ਹਾਂ ਸਾਫ ਹੋ ਜਾਵੇਗਾ।
ਸੈਟੇਲਾਈਟ ਤਸਵੀਰ ਦਿਖਾਉਂਦੇ ਹੋਏ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੁਣ ਪੱਛਮੀ ਗੜਬੜੀ ਚੰਡੀਗੜ੍ਹ, ਪੰਜਾਬ, ਹਰਿਆਣਾ ਵੱਲ ਨਹੀਂ, ਸਗੋਂ ਜੰਮੂ-ਕਸ਼ਮੀਰ, ਹਿਮਾਚਲ, ਉੱਤਰਾਖੰਡ ਵੱਲ ਦਿਖ ਰਹੀ ਹੈ, ਇਸ ਲਈ ਅੱਜ ਤੋਂ ਇੱਥੇ ਮੌਸਮ ਸਾਫ਼ ਹੋ ਜਾਵੇਗਾ।
ਹਾਲਾਂਕਿ ਅੱਜ 3 ਮਾਰਚ ਨੂੰ ਵੱਖ-ਵੱਖ ਥਾਵਾਂ ‘ਤੇ ਤੂਫਾਨ ਅਤੇ ਬਿਜਲੀ ਡਿੱਗਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ। ਸਕਾਈਮੈਟ ਵੈਦਰ ਦੇ ਅਨੁਸਾਰ, ਪੂਰਬੀ ਪੰਜਾਬ, ਪੂਰਬੀ ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਹੁਣ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗਰਜਾਂ ਦੇ ਨਾਲ-ਨਾਲ ਗੜ੍ਹੇਮਾਰੀ ਹੋਵੇਗੀ।
ਪੂਰਬੀ ਅਤੇ ਦੱਖਣ-ਪੂਰਬੀ ਰਾਜਸਥਾਨ, ਪੂਰਬੀ ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ ਦੇ ਕੁਝ ਹਿੱਸਿਆਂ ਅਤੇ ਬਿਹਾਰ ਦੇ ਵੱਖ-ਵੱਖ ਹਿੱਸਿਆਂ ਵਿੱਚ ਇੱਕ ਜਾਂ ਦੋ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਆਸਾਮ, ਅਰੁਣਾਚਲ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੇ ਵੱਖ-ਵੱਖ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਸਕਦੀ ਹੈ।
ਕੱਲ੍ਹ ਅੰਮ੍ਰਿਤਸਰ, ਬਠਿੰਡਾ, ਮੁਕੇਰੀਆ, ਜਲੰਧਰ ਤੇ ਹੋਰਨਾਂ ਇਲਾਕਿਆਂ ਵਿਚ ਵੀ ਤੇਜ਼ ਹਵਾਵਾਂ ਤੋਂ ਇਲਾਵਾ ਗੜਿਆਂ ਨੇ ਪੱਕਣ ਨੇੜੇ ਪਹੁੰਚੀ ਕਣਕ ਦੀ ਫਸਲ ਖੇਤਾਂ ’ਚ ਵਿਛਾ ਦਿੱਤੀ ਹੈ। ਕਿਸਾਨਾਂ ਨੇ ਸੂਬਾ ਸਰਕਾਰ ਤੋਂ ਫ਼ਸਲਾਂ ਦੇ ਖਰਾਬੇ ਲਈ ਗਿਰਦਾਵਰੀ ਤੱਕ ਕਰਵਾਉਣ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਚ 9 ਐਮਐਮ, ਅੰਮ੍ਰਿਤਸਰ ਵਿਚ 13.3 ਐਮਐਮ, ਲੁਧਿਆਣਾ ਵਿਚ 8.2 ਐਮਐਮ, ਪਟਿਆਲਾ ਵਿਚ 8.3 ਐਮਐਮ, ਪਠਾਨਕੋਟ ਵਿਚ 4.4 ਐਮਐਮ, ਗੁਰਦਾਸਪੁਰ ਵਿਚ 6 ਐਮਐਮ, ਨਵਾਂਸ਼ਹਿਰ ਵਿਚ 6.6 ਐਮਐਮ, ਫਤਹਿਗੜ੍ਹ ਸਾਹਿਬ ਵਿੱਚ 7.5 ਐਮਐਮ, ਫਿਰੋਜ਼ਪੁਰ ਵਿਚ 4 ਐਮਐਮ, ਜਲੰਧਰ ਵਿਚ 19 ਐਮਐਮ, ਮੋਗਾ ਵਿਚ 2 ਐਮਐਮ ਮੀਂਹ ਪਿਆ ਹੈ।
ਪੰਜਾਬ ਵਿਚ ਬੇਮੌਸਮੇ ਮੀਂਹ ਤੇ ਤੇਜ਼ ਹਵਾਵਾਂ ਨਾਲ ਹੋਈ ਗੜੇਮਾਰੀ ਨੇ ਫਸਲਾਂ ਨੂੰ ਝੰਬ ਕੇ ਰੱਖ ਦਿੱਤਾ ਹੈ। ਬਠਿੰਡਾ ਤੇ ਮੋਗਾ ਜ਼ਿਲ੍ਹੇ ਦੇ ਬਾਹਰੀ ਇਲਾਕੇ ਵਿਚ ਵਾਵਰੋਲੇ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਭਗਤਾ ਭਾਈ ’ਚ ਝੱਖੜ ਦੀ ਲਪੇਟ ਵਿਚ ਆਉਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ 9 ਵਿਅਕਤੀ ਜ਼ਖ਼ਮੀ ਹੋ ਗਏ।