ਪੁਨਰ-ਉਸਾਰੀ ਦੇ ਕੰਮ ਨਾਲ ਹਜ਼ਾਰਾਂ ਲੋਕਾਂ ਨੂੰ ਲਾਭ ਹੋਵੇਗਾ
ਡੇਰਾਬੱਸੀ (ਐਸ.ਏ.ਐਸ. ਨਗਰ), 20 ਅਗਸਤ, ਬੋਲੇ ਪੰਜਾਬ ਬਿਊਰੋ :
ਭਾਂਖਰਪੁਰ-ਮੁਬਾਰਕਪੁਰ ਰੇਲਵੇ ਅੰਡਰ ਬ੍ਰਿਜ ਦੀ ਵਰਤੋਂ ਕਰਦੇ ਰੋਜ਼ਾਨਾ ਹਜ਼ਾਰਾਂ ਯਾਤਰੀਆਂ ਨੂੰ ਵੱਡੀ ਰਾਹਤ ਦਿੰਦਿਆਂ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਮੁਬਾਰਕਪੁਰ ਵਿਖੇ ਭਾਂਖਰਪੁਰ-ਮੁਬਾਰਕਪੁਰ ਰੇਲਵੇ ਅੰਡਰ ਬ੍ਰਿਜ ਦੇ ਪੇਵਮੈਂਟ ਤੇ ਅਪਰੋਚ ਸੜ੍ਹਕ ਦੇ ਮੁੜ ਨਿਰਮਾਣ ਦੀ ਸ਼ੁਰੂਆਤ ਕਰਵਾਈ। ਇਹ ਕੰਮ ਰਿਕਾਰਡ ਛੇ ਮਹੀਨਿਆਂ ਵਿੱਚ 166.26 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਜਾਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਵੱਲੋਂ 126.26 ਲੱਖ ਰੁਪਏ ਦੇ ਫੰਡ ਜਾਰੀ ਕਰਕੇ ਸਥਾਨਕ ਵਾਸੀਆਂ ਦੀ ਵੱਡੀ ਮੰਗ ਨੂੰ ਮੰਨਣ ਲਈ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਭਾਂਖਰਪੁਰ ਦੌਰੇ ਦੌਰਾਨ ਇਸ ਆਰ ਯੂ ਬੀ ਕਾਰਨ ਰੋਜ਼ਾਨਾ ਆਉਣ-ਜਾਣ ਵਾਲੇ ਯਾਤਰੀਆਂ ਦੀ ਵੱਡੀ ਸਮੱਸਿਆ ਤੋਂ ਜਾਣੂ ਕਰਵਾਇਆ ਗਿਆ ਹੈ। ਮੁੱਖ ਮੰਤਰੀ ਨੇ ਉਸ ਮੌਕੇ ਭਰੋਸਾ ਦਿਵਾਇਆ ਸੀ ਕਿ ਲੋਕ ਹਿੱਤ ਵਿੱਚ ਰੇਲਵੇ ਅੰਡਰ ਬ੍ਰਿਜ ਦੇ ਪੇਵਮੈਂਟ ਤੇ ਅਪਰੋਚ ਰੋਡ ਦੇ ਮੁੜ ਨਿਰਮਾਣ ਲਈ ਲੋੜੀਂਦੀ ਸਾਰੀ ਲਾਗਤ ਸੂਬਾ ਸਰਕਾਰ ਚੁੱਕੇਗੀ ਅਤੇ ਹੁਣ ਉਨ੍ਹਾਂ ਨੇ ਆਪਣੀ ਗੱਲ ਦਾ ਮਾਣ ਰੱਖਦੇ ਹੋਏ ਸੂਬੇ ਦੀ ਤਰਫੋਂ ਸਾਰੀ ਲਾਗਤ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਹੜ੍ਹਾਂ ਅਤੇ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਆਰ ਯੂ ਬੀ ਦੀ ਹਾਲਤ ਖ਼ਰਾਬ ਹੋ ਗਈ ਸੀ ਅਤੇ ਪੇਵਮੈਂਟ ਤੇ ਅਪਰੋਚ ਦੀ ਪੁਨਰ-ਉਸਾਰੀ ਪ੍ਰਸਤਾਵ ਦੇ ਮੁਕੰਮਲ ਹੋਣ ਤੱਕ ਇਸ ਨੂੰ ਥੋੜ੍ਹੀ ਬਹੁਤ ਮੁਰਮੰਤ ਕਰਕੇ ਰੋਜ਼ਾਨਾ ਆਉਣ ਜਾਣ ਦੇ ਯੋਗ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਰੇਲਵੇ ਅੰਡਰ ਬ੍ਰਿਜ ਦੇ ਪੇਵਮੈਂਟ ਤੇ ਅਪਰੋਚ ਦੇ ਮੁੜ-ਨਿਰਮਾਣ ਲਈ ਫੰਡ ਜਾਰੀ ਹੋਣ ਨਾਲ ਇਲਾਕਾ ਨਿਵਾਸੀਆਂ ਦੀ ਵੱਡੀ ਸਮੱਸਿਆ ਦਾ ਸਥਾਈ ਹੱਲ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਭਾਰੀ ਵਾਹਨਾਂ ਦੀ ਆਵਾਜਾਈ ਅਤੇ ਬਰਸਾਤ ਦੇ ਪਾਣੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਵਾਰ ਲੋਕ ਨਿਰਮਾਣ ਵਿਭਾਗ ਨੇ ਰੇਲਵੇ ਅੰਡਰ ਬ੍ਰਿਜ ਦੇ ਪੇਵਮੈਂਟ ਤੇ ਅਪਰੋਚ ਰੋਡ ਨੂੰ ਇਸ ਤਰੀਕੇ ਨਾਲ ਬਣਾਉਣ ਦੀ ਯੋਜਨਾ ਬਣਾਈ ਹੈ ਕਿ ਵਰਤੀ ਜਾਣ ਵਾਲੀ ਸਮੱਗਰੀ ਦੀ ਕੁੱਲ 600 ਮਿਲੀਮੀਟਰ ਮੋਟੀ ਪਰਤ ਹੋਵੇਗੀ ਜਿਸ ਵਿੱਚ ਉਪਰਲੀ ਐਮ-40 ਕੰਕਰੀਟ ਦੀ ਪਰਤ ਹੋਵੇਗੀ।
ਉਨ੍ਹਾਂ ਕਿਹਾ ਕਿ ਰਿਕਾਰਡ ਛੇ ਮਹੀਨਿਆਂ ਵਿੱਚ ਪੇਵਮੈਂਟ ਤੇ ਅਪਰੋਚ ਦੀ ਮੁੜ ਉਸਾਰੀ ਦਾ ਕੰਮ ਮੁਕੰਮਲ ਹੋਣ ਬਾਅਦ ਸੁੰਦਰਾਂ, ਖੇੜੀ, ਭਾਂਖਰਪੁਰ, ਪੰਡਵਾਲਾ ਅਤੇ ਡੱਫਰਪੁਰ ਪਿੰਡਾਂ ਦੇ ਰੋਜ਼ਾਨਾ ਆਉਣ-ਜਾਣ ਲਈ ਰੇਲਵੇ ਅੰਡਰ ਬ੍ਰਿਜ ਨੂੰ ਮੁੜ ਖੋਲ੍ਹ ਦਿੱਤਾ ਜਾਵੇਗਾ।
ਇਸ ਮੌਕੇ ਹਾਜ਼ਰ ਹੋਰ ਅਧਿਕਾਰੀਆਂ ਵਿੱਚ ਉਪ ਮੰਡਲ ਮੈਜਿਸਟਰੇਟ ਡੇਰਾਬੱਸੀ ਡਾ. ਹਿਮਾਂਸ਼ੂ ਗੁਪਤਾ, ਕਾਰਜਕਾਰੀ ਇੰਜਨੀਅਰ ਪੀ.ਡਬਲਯੂ.ਡੀ ਪ੍ਰੋਵਿੰਸ਼ੀਅਲ ਡਵੀਜ਼ਨ-2 ਪਟਿਆਲਾ, ਮਨਪ੍ਰੀਤ ਸਿੰਘ ਦੂਆ, ਐਸ.ਡੀ.ਓ ਜਸਪਾਲ ਸਿੰਘ, ਨਗਰ ਕੌਂਸਲ ਦੇ ਪ੍ਰਧਾਨ, ਐਮ ਸੀ ਅਤੇ ਆਮ ਆਦਮੀ ਪਾਰਟੀ ਦੇ ਸਥਾਨਕ ਆਗੂ ਅਤੇ ਹੋਰ ਪਤਵੰਤੇ ਹਾਜ਼ਰ ਸਨ