ਕੇਂਦਰ ਸਰਕਾਰ ਵੱਲੋਂ ਮੰਕੀਪੋਕਸ ਨੂੰ ਲੈ ਕੇ ਅਲਰਟ ਜਾਰੀ
ਨਵੀਂ ਦਿੱਲੀ, 21 ਅਗਸਤ,ਬੋਲੇ ਪੰਜਾਬ ਬਿਊਰੋ :
ਦੁਨੀਆ ‘ਚ ਐਮਪੋਕਸ (Mpox) ਦੇ ਵਧਦੇ ਮਾਮਲਿਆਂ ਵਿਚਾਲੇ ਕੇਂਦਰ ਸਰਕਾਰ ਨੇ ਦੇਸ਼ ਦੀਆਂ ਸਾਰੀਆਂ ਬੰਦਰਗਾਹਾਂ, ਹਵਾਈ ਅੱਡਿਆਂ ਦੇ ਨਾਲ-ਨਾਲ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲੱਗਦੀਆਂ ਸਰਹੱਦਾਂ ‘ਤੇ ਅਲਰਟ ਜਾਰੀ ਕੀਤਾ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਅਧਿਕਾਰੀਆਂ ਨੂੰ ਬਾਹਰੋਂ ਆਉਣ ਵਾਲੇ ਯਾਤਰੀਆਂ ਵਿੱਚ ਮੰਕੀਪੋਕਸ ਦੇ ਲੱਛਣਾਂ ਨੂੰ ਲੈ ਕੇ ਚੌਕਸ ਰਹਿਣ ਲਈ ਕਿਹਾ ਹੈ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸਿਹਤ ਮੰਤਰਾਲੇ ਨੇ ਦਿੱਲੀ ਦੇ ਤਿੰਨ ਵੱਡੇ ਕੇਂਦਰੀ ਹਸਪਤਾਲਾਂ- ਰਾਮ ਮਨੋਹਰ ਲੋਹੀਆ, ਸਫਦਰਜੰਗ ਅਤੇ ਲੇਡੀ ਹਾਰਡਿੰਗ ਵਿੱਚ ਨੋਡਲ ਸੈਂਟਰ ਬਣਾਏ ਹਨ। ਮੰਕੀਪੋਕਸ ਦੇ ਮਰੀਜ਼ਾਂ ਦੇ ਇਲਾਜ ਅਤੇ ਦੇਖਭਾਲ ਲਈ ਇਨ੍ਹਾਂ ਹਸਪਤਾਲਾਂ ਵਿੱਚ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ।
ਕੇਂਦਰ ਨੇ ਸਾਰੀਆਂ ਰਾਜ ਸਰਕਾਰਾਂ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਰਾਜਾਂ ਦੇ ਹਸਪਤਾਲਾਂ ਵਿੱਚ ਮੰਕੀਪੋਕਸ ਦੇ ਮਰੀਜ਼ਾਂ ਲਈ ਲੋੜੀਂਦੇ ਪ੍ਰਬੰਧ ਕਰਨ। ਭਾਰਤ ਵਿੱਚ ਅਜੇ ਤੱਕ ਮੰਕੀਪੋਕਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਦੇ ਮੁਲਾਂਕਣ ਦੇ ਅਨੁਸਾਰ, ਮੰਕੀਪੋਕਸ ਦੇ ਵੱਡੇ ਪੱਧਰ ‘ਤੇ ਫੈਲਣ ਦਾ ਖ਼ਤਰਾ ਘੱਟ ਹੈ।