ਯੋਗਤਾ ਵਧਾਉਣ ਸੰਬੰਧੀ ਟੈਸਟ ਨਾਲ ਵਿਦਿਆਰਥੀਆਂ ਦੀ ਵਿਸ਼ਾ ਵਸਤੂ ਬਾਰੇ ਸਮਝ ਵਧੇਗੀ ਅਤੇ ਭਵਿੱਖ ਦੀਆਂ ਮੁਕਾਬਲਾ ਪ੍ਰੀਖਿਆਵਾਂ ਲਈ ਵੀ ਵਿਦਿਆਰਥੀ ਤਿਆਰ ਹੋਣਗੇ
ਰਾਜਪੁਰਾ 20 ਅਗਸਤ,ਬੋਲੇ ਪੰਜਾਬ ਬਿਊਰੋ :
ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਵਿਸ਼ੇਸ਼ ਉਪਰਾਲੇ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਦੀ ਅਗਵਾਈ ਅਤੇ ਬੀਐਨਓ ਹਰਪ੍ਰੀਤ ਸਿੰਘ ਹੈੱਡ ਮਾਸਟਰ ਅਤੇ ਲਲਿਤ ਮੋਦਗਿਲ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਦੀ ਸਮੂਹਿਕ ਦੇਖ-ਰੇਖ ਹੇਠ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਵਿਖੇ ਯੋਗਤਾ ਵਧਾਊ (ਕੰਪੀਟੈਂਸੀ ਇਨਹੈਂਸਮੈਂਟ) ਟੈਸਟ-1 ਕਰਵਾਇਆ ਗਿਆ ਜਿਸ ਵਿੱਚ ਛੇਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਟੈਸਟ ਦੇ ਨਿਰੀਖਣ ਲਈ ਉਚੇਚੇ ਤੌਰ ‘ਤੇ ਬਲਾਕ ਰਿਸੋਰਸ ਕੋਆਰਡੀਨੇਟਰ ਜਤਿੰਦਰ ਸਿੰਘ ਪਹੁੰਚੇ ਅਤੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਟੈਸਟ ਕਰਵਾਉਣ ਲਈ ਸਕੂਲ ਇੰਚਾਰਜ ਸੰਗੀਤਾ ਵਰਮਾ ਅਤੇ ਸਮੂਹ ਅਧਿਆਪਕਾਂ ਦੀ ਪ੍ਰਸੰਸਾ ਕੀਤੀ।
ਜਤਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਅਤੇ ਓ ਐਮ ਆਰ ਸ਼ੀਟ ਵਿਭਾਗ ਵੱਲੋਂ ਮੇਲ ‘ਤੇ ਉਪਲਬਧ ਕਰਵਾਈ ਗਈ ਹੈ। ਬੱਚਿਆਂ ਦਾ ਮੁਲਾਕਣ ਕਰਨ ਉਪਰੰਤ ਸਮਾਂ ਬੱਧ ਨਤੀਜਾ ਤਿਆਰ ਕਰਕੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਣੀ ਹੈ। ਨਤੀਜੇ ਦਾ ਮੁਲਾਂਕਣ ਕਰਕੇ ਵਿਦਿਆਰਥੀਆਂ ਦੇ ਕਮਜ਼ੋਰ ਪੱਖਾਂ ਨੂੰ ਠੀਕ ਕਰਨ ਲਈ ਵਿਸ਼ਾ ਅਧਿਆਪਕ ਲੋੜੀਂਦੇ ਕਦਮ ਵੀ ਚੁੱਕਣਗੇ। ਇਸ ਲਈ ਵਿਭਾਗ ਵੱਲੋਂ ਵੀ ਪਹਿਲਾਂ ਸਕੂਲ ਮੁਖੀਆਂ ਦੀ ਆਨਲਾਈਨ ਓਰੀਐਂਟੇਸ਼ਨ ਕੀਤੀ ਗਈ ਹੈ ਅਤੇ ਭਵਿੱਖ ਵਿੱਚ ਵੀ ਇਹ ਓਰੀਐਂਟੇਸ਼ਨ ਜਾਰੀ ਰਹੇਗੀ। ਇਸ ਮੌਕੇ ਸਕੂਲ ਦੇ ਇਮਤਿਹਾਨ ਕੋਆਰਡੀਨੇਟਰ ਮੀਨਾ ਰਾਣੀ, ਅਮਨਦੀਪ ਕੌਰ, ਹਾਊਸ ਇੰਚਾਰਜ ਹਰਜੀਤ ਕੌਰ, ਰਾਜਿੰਦਰ ਸਿੰਘ ਅਤੇ ਹੋਰ ਅਧਿਆਪਕ ਵੀ ਮੌਜੂਦ ਸਨ।