ਇੱਕ ਸਾਬਕਾ ਮੁੱਖ ਮੰਤਰੀ ਅੱਜ ਤਿੰਨ ਵਿਧਾਇਕਾਂ ਸਮੇਤ ਫੜੇਗਾ ਕਮਲ ਦਾ ਫੁੱਲ
ਨਵੀਂ ਦਿੱਲੀ, 19 ਅਗਸਤ,ਬੋਲੇ ਪੰਜਾਬ ਬਿਊਰੋ :
ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜ ਦੀ ਰਾਜਨੀਤੀ ਦੇ ਧੁਰੇ ਸੋਰੇਨ ਪਰਿਵਾਰ ਦੇ ਕਰੀਬੀ ਚੰਪਾਈ ਸੋਰੇਨ ਅੱਜ ਸੋਮਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋ ਜਾਣਗੇ। ਉਨ੍ਹਾਂ ਦੇ ਨਾਲ ਘੱਟੋ-ਘੱਟ ਤਿੰਨ ਵਿਧਾਇਕ ਵੀ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ। ਸਿਆਸੀ ਉਥਲ-ਪੁਥਲ ਵਿਚਾਲੇ ਐਤਵਾਰ ਨੂੰ ਚੰਪਈ ਨੇ ਸੋਸ਼ਲ ਮੀਡੀਆ ਐਕਸ ‘ਤੇ ਇਕ ਪੋਸਟ ਰਾਹੀਂ ਪਾਰਟੀ ਲੀਡਰਸ਼ਿਪ ‘ਤੇ ਉਨ੍ਹਾਂ ਦਾ ਅਪਮਾਨ ਕਰਨ ਅਤੇ ਉਨ੍ਹਾਂ ਨੂੰ ਨਵਾਂ ਵਿਕਲਪ ਅਪਣਾਉਣ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੰਪਾਈ ਦੇ ਦਲ-ਬਦਲੀ ਨੂੰ ਜੇਐੱਮਐੱਮ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਚੰਪਈ ਐਤਵਾਰ ਨੂੰ ਕੋਲਕਾਤਾ ਦੇ ਰਸਤੇ ਦਿੱਲੀ ਪਹੁੰਚੇ ਸਨ। ਕੋਲਕਾਤਾ ਵਿੱਚ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਭੇਂਦੂ ਅਧਿਕਾਰੀ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਦੇਰ ਸ਼ਾਮ ਸੋਸ਼ਲ ਮੀਡੀਆ ਪੋਸਟ ਰਾਹੀਂ ਜੇਐੱਮਐੱਮ ਲੀਡਰਸ਼ਿਪ ‘ਤੇ ਤਿੱਖੇ ਹਮਲੇ ਕੀਤੇ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਚੰਪਾਈ ਸੋਮਵਾਰ ਨੂੰ ਰਸਮੀ ਤੌਰ ‘ਤੇ ਤਿੰਨ ਵਿਧਾਇਕਾਂ ਦੇ ਨਾਲ ਭਾਜਪਾ ‘ਚ ਸ਼ਾਮਲ ਹੋਣਗੇ।