ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਦਾ ਐਲਾਨ, ਨਹੀਂ ਖੁਲਣਗੇ ਪੈਟਰੋਲ ਪੰਪ
ਚੰਡੀਗੜ੍ਹ, 18 ਅਗਸਤ ,ਬੋਲੇ ਪੰਜਾਬ ਬਿਊਰੋ :
ਲੁਧਿਆਣਾ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਨੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਸਾਰੇ 408 ਪੈਟਰੋਲ ਪੰਪ ਅੱਜ ਸਵੇਰੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਦੇ ਸਾਰੇ ਸ਼ਹਿਰੀ ਖੇਤਰਾਂ ਜਿਵੇਂ ਜਗਰਾਉਂ, ਰਾਏਕੋਟ ਮੁੱਲਾਪੁਰ, ਸੁਧਾਰ, ਖੰਨਾ, ਦੋਰਾਹਾ, ਸਮਰਾਲਾ ਆਦਿ ਖੇਤਰਾਂ ਵਿੱਚ ਪੈਂਦੇ ਸਾਰੇ 408 ਪੈਟਰੋਲ ਪੰਪ ਐਤਵਾਰ ਸਵੇਰੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ ਮੁਕੰਮਲ ਤੌਰ ‘ਤੇ ਬੰਦ ਰਹਿਣਗੇ। ਇਸ ਦੌਰਾਨ ਹਰੇਕ ਪੈਟਰੋਲ ਪੰਪ ‘ਤੇ ਸਿਰਫ਼ ਇਕ ਕਰਮਚਾਰੀ ਤਾਇਨਾਤ ਰਹੇਗਾ, ਜੋ ਕਿ ਐਮਰਜੈਂਸੀ ਦੀ ਸਥਿਤੀ ‘ਚ ਪੈਟਰੋਲ ਐਂਬੂਲੈਂਸ, ਫਾਇਰ ਬ੍ਰਿਗੇਡ, ਫੌਜੀ ਵਾਹਨਾਂ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਗੱਡੀਆਂ ‘ਚ ਤੇਲ ਭਰਨ ਦੀ ਸੇਵਾ ਪ੍ਰਦਾਨ ਕਰੇਗਾ। ਲੁਧਿਆਣਾ ਸ਼ਹਿਰ ਦੇ ਸਾਰੇ ਪੈਟਰੋਲ ਪੰਪ, ਚਾਹੇ ਉਹ ਪੇਂਡੂ ਖੇਤਰ ਜਾਂ ਸ਼ਹਿਰੀ ਖੇਤਰ, ਪੂਰੀ ਤਰ੍ਹਾਂ ਬੰਦ ਰਹਿਣਗੇ। ਪੈਟਰੋਲ ਪੰਪ ਡੀਲਰਾਂ ਨੇ ਆਪਣੇ ਖਰਚੇ ਘਟਾਉਣ ਲਈ ਇਹ ਫੈਸਲਾ ਲਿਆ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਵੀ ਛੁੱਟੀ ਦੀ ਜ਼ਰੂਰਤ ਹੈ ਅਤੇ ਸਾਡੇ ਕਮਿਸ਼ਨ ਵਿੱਚ ਕੋਈ ਵਾਧਾ ਨਾ ਹੋਣ ਕਾਰਨ ਸਾਡੇ ਖਰਚੇ ਬਹੁਤ ਜ਼ਿਆਦਾ ਹਨ, ਇਸ ਲਈ ਅਸੀਂ ਲੁਧਿਆਣਾ ਵਿੱਚ ਇੱਕ ਦਿਨ ਲਈ ਪੈਟਰੋਲ ਪੰਪ ਬੰਦ ਰੱਖਣ ਦਾ ਪ੍ਰਤੀਕ ਰੂਪ ਵਿੱਚ ਫੈਸਲਾ ਕੀਤਾ ਹੈ, ਹਾਲਾਂਕਿ ਉਨ੍ਹਾਂ ਕਿਹਾ ਕਿ ਫਾਇਰ ਬ੍ਰਿਗੇਡ ,ਐਂਬੂਲੈਂਸ ਸਮੇਤ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ।