ਦਿੱਲੀ, ਬੋਲੇ ਪੰਜਾਬ ਬਿਉਰੋ: ਗੂਗਲ ਨੇ ਪਲੇ ਸਟੋਰ ਤੋਂ ਹਟਾਏ 10 ਭਾਰਤੀ ਮੋਬਾਈਲ ਐਪ, ਗੂਗਲ ਨੇ ਇਹ ਕਾਰਵਾਈ ਫੀਸ ਵਿਵਾਦ ਨੂੰ ਲੈ ਕੇ ਕੀਤੀ ਹੈ। ਗੂਗਲ ਨੇ ਇੱਕ ਬਿਆਨ ਜਾਰੀ ਕਰ ਕਿਹਾ ਹੈ ਕਿ ਇਨ੍ਹਾਂ ਐਪਸ ਦੇ ਡਿਵੈਲਪਰ ਬਿਲਿੰਗ ਪਾਲਿਸੀ ਦਾ ਪਾਲਣ ਨਹੀਂ ਕਰ ਰਹੇ ਸਨ। ਉਨ੍ਹਾਂ ਨੂੰ ਇਸ ਬਾਰੇ ਕਈ ਵਾਰ ਚਿਤਾਵਨੀ ਦਿੱਤੀ ਗਈ ਅਤੇ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਗੂਗਲ ਨੇ ਪਲੇ ਸਟੋਰ ਤੋਂ ਜਿਨ੍ਹਾਂ ਐਪਸ ਨੂੰ ਹਟਾਇਆ ਹੈ, ਉਨ੍ਹਾਂ ‘ਚ Shaadi.com, Matrimony.com, Bharatmatrimony.com, ਨੌਕਰੀ ਡਾਟ ਕਾਮ, 99acres, Cuckoo FM, Stage, Alt Balaji’s , QuackQuack ਵਰਗੇ ਐਪਸ ਦੇ ਨਾਂਅ ਸ਼ਾਮਲ ਹਨ। ਫਿਲਹਾਲ ਅਜੇ ਤੱਕ ਇੱਕ ਐਪ ਦਾ ਨਾਂਅ ਸਾਹਮਣੇ ਨਹੀਂ ਆਇਆ ਹੈ।
ਗੂਗਲ ਨੇ ਕਿਹਾ ਕਿ ਦੋ ਲੱਖ ਤੋਂ ਵੱਧ ਭਾਰਤੀ ਡਿਵੈਲਪਰ ਗੂਗਲ ਪਲੇ ਸਟੋਰ ਦੀ ਵਰਤੋਂ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਐਪਸ ਪਲੇ ਸਟੋਰ ‘ਤੇ ਪਬਲਿਸ਼ਡ ਹਨ। ਸਾਰੇ ਡਿਵੈਲਪਰਾਂ ਲਈ ਇੱਕ ਹੀ ਨੀਤੀ ਹੈ ਪਰ ਕੁਝ ਡਿਵੈਲਪਰ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹਨ। ਗੂਗਲ ਨੇ ਕਿਹਾ ਹੈ ਕਿ ਪਲੇ ਸਟੋਰ ਤੋਂ ਹਟਾਏ ਗਏ ਐਪਸ ਦੂਜੇ ਐਪ ਸਟੋਰਾਂ ਦੀ ਪਾਲਿਸੀ ਦਾ ਪਾਲਣ ਕਰ ਰਹੇ ਹਨ ਪਰ ਉਨ੍ਹਾਂ ਨੂੰ ਗੂਗਲ ਦੀ ਪਾਲਿਸੀ ਨਾਲ ਸਮੱਸਿਆ ਹੈ।
ਗੂਗਲ ਮੁਤਾਬਕ ਉਨ੍ਹਾਂ ਨੇ ਇਨ੍ਹਾਂ ਐਪਸ ਨੂੰ ਤਿੰਨ ਸਾਲ ਦਾ ਸਮਾਂ ਵੀ ਦਿੱਤਾ ਸੀ। ਦੱਸ ਦੇਈਏ ਕਿ ਫੀਸ ਦਾ ਵਿਵਾਦ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਇਸ ਸਬੰਧੀ ਸੁਪਰੀਮ ਕੋਰਟ ‘ਚ ਅਪੀਲ ਵੀ ਕੀਤੀ ਗਈ ਸੀ ਪਰ 9 ਫਰਵਰੀ 2024 ਨੂੰ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਗੂਗਲ ਨੇ ਕਿਹਾ ਕਿ ਤਿੰਨ ਸਾਲਾਂ ‘ਚ ਕਿਸੇ ਅਦਾਲਤ ਨੇ ਉਨ੍ਹਾਂ ਦੀ ਫੀਸ ਨੀਤੀ ‘ਤੇ ਸਵਾਲ ਨਹੀਂ ਉਠਾਏ ਹਨ। ਇਸ ਦੇ ਬਾਵਜੂਦ ਕੁਝ ਡਿਵੈਲਪਰ ਸਾਡੀ ਫੀਸ ਪਾਲਿਸੀ ਨੂੰ ਸਵੀਕਾਰ ਨਹੀਂ ਕਰ ਰਹੇ ਹਨ।
ਗੂਗਲ ਦਾ ਕਹਿਣਾ ਹੈ ਕਿ ਡਿਵੈਲਪਰ ਆਪਣੇ ਪੇਡ ਕੰਟੈਂਟ ਲਈ ਗੂਗਲ ਪਲੇ ਸਟੋਰ ਤੋਂ ਇਲਾਵਾ ਕਿਸੇ ਵੀ ਐਪ ਸਟੋਰ ਤੋਂ ਪੇਮੈਂਟ ਲੈ ਸਕਦੇ ਹਨ ਜਾਂ ਖੁੱਦ ਆਪਣੀ ਸਾਈਟ ਤੋਂ ਹੀ ਪੇਮੈਂਟ ਲੈ ਸਕਦੇ ਹਨ, ਪਰ ਜੇਕਰ ਗੂਗਲ ਪਲੇ ਸਟੋਰ ‘ਤੇ ਕੋਈ ਐਪ ਹੈ ਅਤੇ ਇਹ ਆਪਣੇ ਗ੍ਰਾਹਕਾਂ ਨੂੰ ਪੇਮੈਂਟ ਸੇਵਾ ਪ੍ਰਧਾਨ ਕਰ ਰਿਹਾ ਹੈ। ਤਾਂ ਫਿਰ ਉਸ ਨੂੰ ਗੂਗਲ ਨੂੰ ਪੈਸੇ ਦੇਣੇ ਪੈਣਗੇ।