ਵਿਦੇਸ਼ ‘ਚ ਪਾਣੀ ਵਿੱਚ ਡੁੱਬ ਰਹੇ ਬੱਚੇ ਨੂੰ ਬਚਾਉਂਦਿਆਂ ਸਿੱਖ ਨੌਜਵਾਨ ਦੀ ਮੌਤ
ਚੰਡੀਗੜ੍ਹ, 14 ਅਗਸਤ,ਬੋਲੇ ਪੰਜਾਬ ਬਿਊਰੋ :
ਇਟਲੀ ‘ਚ ਰਹਿੰਦੇ ਹਰਿਆਣਾ ਦੇ ਨੌਜਵਾਨ ਤਰਨਦੀਪ ਸਿੰਘ ਦੀ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ।ਪ੍ਰਾਪਤ ਜਾਣਕਾਰੀ ਮੁਤਾਬਿਕ ਨੌਜਵਾਨ ਤਰਨਦੀਪ ਸਿੰਘ ਆਪਣੇ ਦੋਸਤਾਂ ਨਾਲ ਘੁੰਮਣ ਗਿਆ ਸੀ।ਉੱਥੇ ਪਾਣੀ ਵਿੱਚ ਡੁੱਬ ਰਹੇ ਜਰਮਨੀ ਮੂਲ ਦੇ ਬੱਚੇ ਨੂੰ ਬਚਾਉਂਦਿਆਂ ਹਾਦਸੇ ਵਿੱਚ ਆਪਣੀ ਜਾਨ ਗੁਆ ਬੈਠਾ।ਉਸ ਦੇ ਸਾਥੀ ਨੌਜਵਾਨ ਹਰਮਨ ਨੇ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜ ਦੋਸਤ ਰੀਵਾ ਦੇਲ ਗਾਰਦਾ ਝੀਲ ’ਤੇ ਘੁੰਮਣ ਗਏ ਸਨ। ਸ਼ਾਮ ਨੂੰ ਤਕਰੀਬਨ 5 ਵਜੇ ਇੱਕ ਜਰਮਨੀ ਮੂਲ ਦੇ ਬੱਚੇ ਨੂੰ ਡੁੱਬਣ ਤੋਂ ਬਚਾਉਣ ਲਈ ਉਹ ਝੀਲ ਵਿੱਚ ਗਿਆ।
ਬੱਚੇ ਨੂੰ ਬਚਾਉਂਦਿਆ ਉਹ ਆਪ ਝੀਲ ਵਿੱਚ ਡੁੱਬ ਗਿਆ। ਮੌਕੇ ’ਤੇ ਪਹੁੰਚੀ ਪ੍ਰਸ਼ਾਸ਼ਨ ਦੀ ਟੀਮ ਨੇ ਤਰਨਦੀਪ ਸਿੰਘ ਨੂੰ ਬਾਹਰ ਕੱਢਿਆ, ਜਿੱਥੇ ਉਹ ਮ੍ਰਿਤਕ ਪਾਇਆ ਗਿਆ। ਇਹ ਵੀ ਜਾਣਕਾਰੀ ਮਿਲੀ ਕਿ ਤਰਨਦੀਪ ਜਿਸ ਬੱਚੇ ਨੂੰ ਬਚਾਉਣ ਲਈ ਝੀਲ਼ ਵਿੱਚ ਗਿਆ ਸੀ, ਉਸ ਨੂੰ ਪਹਿਲਾ ਹੀ ਬਚਾਅ ਲਿਆ ਗਿਆ।
ਜਾਣਕਾਰੀ ਅਨੁਸਾਰ ਤਰਨਦੀਪ ਸਿੰਘ (26) ਚੀਗੋਲੇ ਰਹਿੰਦਾ ਸੀ ਅਤੇ ਯਮੁਨਾਨਗਰ (ਹਰਿਆਣਾ) ਨਾਲ ਸੰਬੰਧਿਤ ਹੈ। 3 ਸਾਲ ਪਹਿਲਾਂ ਹੀ ਭਾਰਤ ਤੋਂ ਇਟਲੀ ਪਹੁੰਚਿਆ ਸੀ ਅਤੇ ਫੈਕਟਰੀ ਵਿੱਚ ਕੰਮ ਕਰਦਾ ਸੀ। ਉਸਦੇ ਨਾਲ ਕੰਮ ਕਰਦੇ ਸਾਥੀ ਸਤਨਾਮ ਸਿੰਘ ਨੇ ਦੱਸਿਆ ਕਿ ਤਰਨਦੀਪ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਿਆ ਜਾਵੇਗਾ।