ਪੰਜਾਬੀ ਨੌਜਵਾਨ ਦੀ ਕੈਨੇਡਾ ‘ਚ ਸ਼ੱਕੀ ਹਾਲਾਤਾਂ ਵਿੱਚ ਮੌਤ
ਨਵਾਂਸ਼ਹਿਰ, 10 ਅਗਸਤ,ਬੋਲੇ ਪੰਜਾਬ ਬਿਊਰੋ :
ਕੈਨੇਡਾ ਵਿੱਚ ਨਵਾਂਸ਼ਹਿਰ ਜ਼ਿਲ੍ਹੇ ਦੇ ਕਸਬਾ ਬਹਿਰਾਮ ਨੇੜਲੇ ਪਿੰਡ ਕਟ ਦੇ 27 ਸਾਲਾ ਨੌਜਵਾਨ ਮਨਜੋਤ ਸਿੰਘ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ।ਉਸਦੀ ਲਾਸ਼ ਇੱਕ ਪਾਰਕ ਨੇੜਿਓਂ ਮਿਲੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸਨੂੰ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ ਹੈ। ਕੈਨੇਡੀਅਨ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਚਨਾ ਮਿਲਦਿਆਂ ਹੀ ਪਰਿਵਾਰ ਅਤੇ ਉਨ੍ਹਾਂ ਦੇ ਜਾਣਕਾਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ।
ਮ੍ਰਿਤਕ ਨੌਜਵਾਨ ਦੇ ਪਿੰਡ ਵਾਸੀ ਗੁਰਤੀਰਥ ਸਿੰਘ ਨੇ ਦੱਸਿਆ ਕਿ ਮਨਜੋਤ ਸਿੰਘ ਦੀਆਂ ਤਿੰਨ ਭੈਣਾਂ ਅਤੇ ਭਰਾ ਹਨ ਅਤੇ ਮਨਜੋਤ ਕਰੀਬ ਦੋ ਮਹੀਨੇ ਪਹਿਲਾਂ ਵਰਕ ਪਰਮਿਟ ਵੀਜ਼ੇ ’ਤੇ ਕੈਨੇਡਾ ਦੇ ਸਰੀ ਸ਼ਹਿਰ ਗਿਆ ਸੀ। ਉਸਦੀ ਭੈਣ ਟੋਰਾਂਟੋ, ਕੈਨੇਡਾ ਵਿੱਚ ਰਹਿੰਦੀ ਹੈ। ਪਰਿਵਾਰ ਅਨੁਸਾਰ ਉਨ੍ਹਾਂ ਦੀ ਲੜਕੀ ਨੇ ਕੈਨੇਡਾ ਤੋਂ ਉਨ੍ਹਾਂ ਨੂੰ ਦੱਸਿਆ ਕਿ ਮਨਜੋਤ ਘਰ ਦੇ ਬਾਹਰ ਪਾਰਕ ਵਿੱਚ ਸੈਰ ਕਰਨ ਗਿਆ ਸੀ।
ਜਦੋਂ ਉਹ ਘਰ ਨਹੀਂ ਪਰਤਿਆ ਤਾਂ ਉਨ੍ਹਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਕੈਨੇਡੀਅਨ ਪੁਲਿਸ ਨੂੰ ਸੂਚਨਾ ਦਿੱਤੀ। ਕੁਝ ਸਮੇਂ ਬਾਅਦ ਕੈਨੇਡੀਅਨ ਪੁਲਿਸ ਨੂੰ ਪਾਰਕ ਨੇੜਿਓਂ ਇੱਕ ਲਾਸ਼ ਮਿਲੀ। ਜਦੋਂ ਉਨ੍ਹਾਂ ਨੇ ਪਛਾਣ ਲਈ ਉਸਦੀ ਭੈਣ ਨੂੰ ਬੁਲਾਇਆ ਤਾਂ ਮ੍ਰਿਤਕ ਨੌਜਵਾਨ ਮਨਜੋਤ ਹੀ ਨਿਕਲਿਆ। ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਸ ਲਈ ਕੈਨੇਡੀਅਨ ਪੁਲਿਸ ਅਗਲੇਰੀ ਕਾਰਵਾਈ ਵਿੱਚ ਜੁਟੀ ਹੋਈ ਹੈ।