1 ਸਤੰਬਰ ਨੂੰ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਹੋਵੇਗੀ ਸੂਬਾ ਪੱਧਰੀ ਰੈਲੀ
ਮਾਣ-ਭੱਤੇ ਦੁੱਗਣਾ ਕਰਨ ਦੀ ਗਰੰਟੀ ਪੂਰੀ ਨਾ ਕਰਨ ਅਤੇ ਛਾਂਟੀਆਂ ਦੇ ਖਿਲਾਫ਼ ਪ੍ਰਗਟਾਇਆ ਰੋਸ
ਪਟਿਆਲਾ, 10 ਅਗਸਤ,ਬੋਲੇ ਪੰਜਾਬ ਬਿਊਰੋ :
ਮਿਡ ਡੇ ਮੀਲ ਵਰਕਰ ਯੂਨੀਅਨ ਵਲੋਂ ਸਥਾਨਕ ਪੁੱਡਾ ਗਰਾਉਂਡ ਤ੍ਰਿਪੜੀ ਵਿਖੇ ਇੱਕਠੇ ਹੋਕੇ ਸਿਹਤ ਮੰਤਰੀ ਦੇ ਘਰ ਵੱਲ ਮਾਰਚ ਕਰਕੇ ਪੰਜਾਬ ਸਰਕਾਰ ਦੇ ਪੂਤਲੇ ਸਮੇਤ ਝਾੜੂ ਫੂਕ ਪ੍ਰਦਰਸ਼ਨ ਕਰਕੇ ਰੋਸ ਪ੍ਰਗਟ ਕੀਤਾ । ਰੋਸ ਮਾਰਚ ਨੂੰ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਸਿਹਤ ਮੰਤਰੀ ਨਾਲ 20 ਅਗਸਤ ਨੂੰ ਸੌੰਪਿਆ ਲਿਖਤੀ ਪੱਤਰ । ਇਸ ਮੌਕੇ ਜਿਲ੍ਹਾ ਪ੍ਰਧਾਨ ਪਿੰਕੀ ਪਟਿਆਲਾ ਅਤੇ ਜਿਲ੍ਹਾ ਸਕੱਤਰ ਬੀਨਾ ਘੱਗਾ ਨੇ ਪ੍ਰੈੱਸ ਰਾਹੀਂ ਬਿਆਨ ਦਿੰਦਿਆਂ ਦੋਸ਼ ਲਾਇਆ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੌਜੂਦਾ ਵਿਧਾਇਕਾ ਅਤੇ ਮੰਤਰੀਆਂ ਵਲੋਂ ਖਾਸ਼ ਕਰਕੇ ਵਿੱਤ ਮੰਤਰੀ ਸ.ਹਰਪਾਲ ਸਿੰਘ ਚੀਮਾ ਨੇ ਆਪਣੇ ਨਿਵਾਸ ਸਥਾਨ ਤੇ ਕੁੱਕ ਵਰਕਰਾਂ ਨੂੰ ਇਹ ਵਿਸ਼ਵਾਸ਼ ਦਿਵਾਇਆ ਸੀ ਕਿ ਆਮ ਆਦਮੀ ਦੀ ਸਰਕਾਰ ਆਉਣ ‘ਤੇ ਮਿਡ ਮੀਲ ਵਰਕਰਾਂ ਦੀ ਤਨਖਾਹ ਛੇ ਹਜ਼ਾਰ ਕੀਤੀ ਜਾਵੇਗੀ । ਪਰ ਸਰਕਾਰ ਬਣਨ ਤੋਂ ਬਾਅਦ ਤਨਖਾਹ ਦੁਗਣੀ ਤਾਂ ਕੀ ਕਰਨੀ ਸੀ ਸਗੋਂ ਸਰਕਾਰ ਮੀਟਿੰਗਾਂ ਕਰਨ ਤੋਂ ਵੀ ਮੁਕਰ ਰਹੀ ਹੈ ਅਤੇ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਣ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਘਟਣ ਦਾ ਬਹਾਨਾ ਬਣਾ ਕੇ ਵਰਕਰਾਂ ਦੀਆਂ ਛਾਂਟੀਆਂ ਕਰ ਰਹੀ ਹੈ । ਉਹਨਾਂ ਕਿਹਾ ਕਿ ਹੁਣ ਜਦੋਂ ਆਪਣੀਆਂ ਮੰਗਾਂ ਮੰਗਵਾਉਣ ਖਾਤਰ ਇਹਨਾਂ ਦੀਆਂ ਕੋਠੀਆਂ ਅੱਗੇ ਜਾਇਆ ਜਾਂਦਾ ਤਾਂ ਇਹਨਾਂ ਵਲੋਂ ਪੁਲਿਸ ਰੋਕਾਂ ਲਗਾ ਕੇ ਰੋਕਿਆ ਜਾਂਦਾ । ਜਿਕਰਯੋਗ ਹੈ ਕਿ ਜਥੇਬੰਦੀ ਲੰਮੇ ਸਮੇਂ ਤੋਂ ਵਰਕਰਾਂ ਤੇ ਘੱਟੋ-ਘੱਟ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਵਾਉਣ, ਛਾਂਟੀਆਂ ਰੁਕਵਾਉਣ, ਵਰਕਰਾਂ ਨੂੰ ਮਿਲਣ ਵਾਲੀਆਂ ਛੁੱਟੀਆਂ ਸੰਬੰਧੀ ਪੱਤਰ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਉਣ, ਸਮੁੱਚੇ ਵਰਕਰਾਂ ਦਾ ਬੀਮਾ ਕਰਵਾਉਣ, ਵਰਕਰ ਦੀ ਮੌਤ ਹੋਣ ਤੇ ਮੁਆਵਜਾ ਅਤੇ ਉਸਦੇ ਪਰਿਵਾਰ ਦੇ ਮੈਂਬਰ ਨੂੰ ਹੀ ਕੰਮ ਤੇ ਰੱਖਣ ਸੰਬੰਧੀ ਸੰਘਰਸ਼ ਕਰਦੀ ਆ ਰਹੀ ਹੈ।
ਮਨਜੀਤ ਕਲਿਆਣ ਅਤੇ ਜਸਪਾਲ ਕੌਰ ਨੇ ਆਖਿਆ ਕਿ ਪਿਛਲੇ ਸਮੇਂ ਸੂਬਾ ਕਮੇਟੀ ਦੀ ਸਿੱਖਿਆ ਮੰਤਰੀ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਜਿਸ ਵਿੱਚ ਵਰਕਰਾਂ ਦੀਆਂ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਅਜੇ ਤੱਕ ਉਹਨਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਹੋਈ। ਇਸ ਤੋਂ ਇਲਾਵਾ ਲੰਘੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਕੁੱਕ ਵਰਕਰਾਂ ਕੋਲੋ ਚੋਣ ਅਮਲੇ ਲਈ ਭੋਜਨ ਦਾ ਪ੍ਰਬੰਧ ਕੀਤਾ ਕਰਵਾਇਆ ਗਿਆ ਪਰ ਸਰਕਾਰ ਵਲੋਂ ਕੁੱਕ ਵਰਕਰਾਂ ਦਾ ਬਣਦਾ ਮਿਹਨਤਾਨਾ ਬਹੁਤ ਘੱਟ ਭੇਜਿਆ ਬਹੁਤ ਸਾਰੇ ਸਕੂਲਾਂ ਵਿੱਚ ਅਜੇ ਤੱਕ ਇਕ ਵੀ ਰੁਪਏ ਨਹੀਂ ਭੇਜਿਆ ਅਤੇ ਬਹੁਤ ਸਾਰੇ ਕੁੱਕ ਵਰਕਰ ਆਪਣੀਆਂ ਜੇਬਾਂ ਵਿੱਚੋਂ ਪੈਸੇ ਖਰਚ ਚੁੱਕੇ ਹਨ । ਸੂਬਾ ਕਮੇਟੀ ਦੇ ਫ਼ੈਸਲੇ ਮੁਤਾਬਿਕ 1 ਸਤੰਬਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈੰਸ ਦੇ ਪਿੰਡ ਗੰਭੀਰਪੁਰ ਵਿਖੇ ਹੋਣ ਵਾਲੀ ਸੂਬਾ ਪੱਧਰੀ ਰੈਲੀ ਵਿੱਚ ਪਟਿਆਲਾ ਜਿਲ੍ਹੇ ਦੀਆਂ ਕੁੱਕ ਵਰਕਰਾਂ ਨੂੰ ਲਾਮਬੰਦ ਕਰਕੇ ਰੈਲੀ ਵਿੱਚ ਸਮੂਲੀਅਤ ਕਰਵਾਈ ਜਾਵੇਗੀ।
ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਤੋਂ ਗੁਰਜੀਤ ਘੱਗਾ ਪ੍ਰਵੀਨ ਯੋਗੀਪੁਰ ਅਤੇ ਮਿਡ ਡੇ ਮੀਲ ਵਰਕਰ ਯੂਨੀਅਨ ਤੋਂ ਪਰਵਿੰਦਰ ਸਮਾਣਾ,ਚਰਨਜੀਤ ਜੰਡਮੰਗੋਲੀ , ਸੁਨੀਤਾ ਦੇਵੀਗੜ , ਨਸੀਬ ਕੌਰ , ਮਨਜੀਤ ਕੌਰ , ਸੁਨੀਤਾ ਦੇਧਨਾ , ਲਛਮੀ ਪਟਿਆਲਾ , ਮੋਨਿਕਾ ਬੇਗੁਮ ਘਨੌਰ , ਕ੍ਰਿਸ਼ਨਾ , ਹਰਪ੍ਰੀਤ ਕੌਰ , ਗੁਰਜੀਤ ਕੌਰ , ਮਨਪ੍ਰੀਤ ਪਟਿਆਲਾ ਆਦਿ ਹਾਜ਼ਰ ਹੋਏ ।