ਜਗਦੀਪ ਧਨਖੜ ਨੂੰ ਹਟਾਉਣ ਲਈ ਵਿਰੋਧੀ ਪਾਰਟੀਆਂ ਹੋਈਆਂ ਇਕਜੁਟ
ਨਵੀਂ ਦਿੱਲੀ, 10 ਅਗਸਤ, ਬੋਲੇ ਪੰਜਾਬ ਬਿਊਰੋ :
ਵਿਰੋਧੀ ਪਾਰਟੀਆਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਅਹੁਦੇ ਤੋਂ ‘ਹਟਾਉਣ’ ਲਈ ਸੰਵਿਧਾਨ ਦੀ ਧਾਰਾ 67 ਦੇ ਤਹਿਤ ਮਤਾ ਲਿਆਉਣ ਲਈ ਨੋਟਿਸ ਲਿਆਉਣ ’ਤੇ ਵਿਚਾਰ ਕਰ ਰਹੀਆਂ ਹਨ। ਸੂਤਰਾਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਸੂਤਰਾਂ ਨੇ ਇਹ ਵੀ ਦਸਿਆ ਕਿ 87 ਸੰਸਦ ਮੈਂਬਰਾਂ ਨੇ ਇਸ ਨੋਟਿਸ ’ਤੇ ਦਸਤਖਤ ਕੀਤੇ ਹਨ।
ਧਾਰਾ 67 (ਬੀ) ਦੇ ਤਹਿਤ ਉਪ ਰਾਸ਼ਟਰਪਤੀ ਨੂੰ ਰਾਜ ਸਭਾ ਦੇ ਸਾਰੇ ਤਤਕਾਲੀ ਮੈਂਬਰਾਂ ਦੇ ਬਹੁਮਤ ਨਾਲ ਪਾਸ ਕੀਤੇ ਅਤੇ ਲੋਕ ਸਭਾ ਦੀ ਸਹਿਮਤੀ ਵਾਲੇ ਇਕ ਮਤੇ ਰਾਹੀਂ ਉਨ੍ਹਾਂ ਨੂੰ ਹਟਾਇਆ ਜਾ ਸਕਦਾ ਹੈ। ਹਾਲਾਂਕਿ, ਇਸ ਧਾਰਾ ਦੇ ਉਦੇਸ਼ ਲਈ ਕੋਈ ਮਤਾ ਪੇਸ਼ ਨਹੀਂ ਕੀਤਾ ਜਾਵੇਗਾ ਜਦੋਂ ਤਕ ਕਿ ਮਤਾ ਪੇਸ਼ ਕਰਨ ਦੇ ਇਰਾਦੇ ਨਾਲ ਘੱਟੋ-ਘੱਟ 14 ਦਿਨਾਂ ਦਾ ਨੋਟਿਸ ਨਹੀਂ ਦਿਤਾ ਜਾਂਦਾ।
ਵਿਰੋਧੀ ਧਿਰ ਦੇ ਇਕ ਸੂਤਰ ਨੇ ਦਸਿਆ ਕਿ ਦੋ ਦਿਨ ਪਹਿਲਾਂ ਰਾਜ ਸਭਾ ’ਚ ਸਦਨ ਦੇ ਨੇਤਾ ਜੇ.ਪੀ. ਨੱਢਾ ਨੂੰ ਗੈਰ ਰਸਮੀ ਤੌਰ ’ਤੇ ਸੂਚਿਤ ਕੀਤਾ ਗਿਆ ਸੀ ਕਿ ਵਿਰੋਧੀ ਧਿਰ ਧਨਖੜ ਨੂੰ ਹਟਾਉਣ ਲਈ ਮਤਾ ਲਿਆਉਣ ’ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਲਈ ਇਹ ਗੱਲ ਬਹੁਤ ਚਿੰਤਾਜਨਕ ਹੈ ਕਿ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਦਾ ਮਾਈਕ ਵਾਰ-ਵਾਰ ਬੰਦ ਕੀਤਾ ਜਾਂਦਾ ਹੈ।