ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣਾ ‘ਖ਼ੇਡ ਰਤਨ ਪੁਰਸਕਾਰ’ (ਸਵਾ ਦੋ ਤੋਲ਼ੇ ਦਾ ਸੋਨ-ਮੈਡਲ) ਵਿਨੇਸ਼ ਫ਼ੋਗਾਟ ਦੀ ਝੋਲੀ ਪਾਉਣ ਦਾ ਕੀਤਾ ਐਲਾਨ
ਚੰਡੀਗੜ੍ਹ 9 ਅਗਸਤ ,ਬੋਲੇ ਪੰਜਾਬ ਬਿਊਰੋ :
ਵਿਨੇਸ਼ ਫੋਗਾਟ ਨੂੰ ਪੰਜਾਬੀ ਖੇਡ ਜਗਤ ਦੇ ਉੱਘੇ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣੀ ਇਹ ਪੂੰਜੀ ਸਨਮਾਨ ਵਜੋਂ ਦੇਣ ਦਾ ਐਲਾਨ ਕੀਤਾ। ਪੈਰਿਸ ਓਲੰਪਿਕ ’ਚ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਭਾਰਤੀ ਖੇਡ ਜਗਤ ’ਚ ਇੱਕ ਮਾਯੂਸੀ ਛਾ ਗਈ ਹੈ। ਇਸ ਵਿਚਾਲੇ ਕਈ ਖੇਡ ਪ੍ਰੇਮੀ ਅੱਗੇ ਆਏ ਅਤੇ ਵਿਨੇਸ਼ ਦੀ ਹੌਸਲਾ ਅਫਜ਼ਾਈ ਕਰਨ ਦੀ ਕੋਸ਼ਿਸ਼ ਕੀਤੀ।
ਵਿਨੇਸ਼ ਫੋਗਾਟ ਦੀ ਹੌਸਲਾ ਅਫ਼ਜਾਈ ਲਈ ਪੰਜਾਬ ਦੇ ਖੇਡ ਜਗਤ ਦੇ ਉੱਘੇ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣਾ ‘ਖ਼ੇਡ ਰਤਨ ਪੁਰਸਕਾਰ’ ਫ਼ੋਗਾਟ ਦੀ ਝੋਲੀ ਪਾਉਣ ਦਾ ਕੀਤਾ ਐਲਾਨ ਕੀਤਾ ਹੈ। ਪ੍ਰਿੰਸੀਪਲ ਸਰਵਣ ਸਿੰਘ ਨੂੰ ਪੰਜਾਬੀ ਖੇਡ ਪੱਤਰਕਾਰੀ ਦੇ ਮੋਢੀ ਤੇ ਸਿਰਮੌਰ ਖੇਡ ਲੇਖਕ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕਈ ਲੋਕ ਖੇਡ ਸਾਹਿਤ ਦਾ ‘ਬਾਬਾ ਬੋਹੜ’ ਵੀ ਕਹਿੰਦੇ ਹਨ।
ਦਰਅਸਲ, ਪੈਰਿਸ ਓਲੰਪਿਕਸ ਦੇ ਫਾਈਨਲ ਮੁਕਾਬਲੇ ਵਾਲੇ ਦਿਨ ਸਵੇਰੇ ਵਿਨੇਸ਼ ਫੋਗਾਟ ਨੂੰ 100 ਗ੍ਰਾਮ ਭਾਰ ਜ਼ਿਆਦਾ ਹੋਣ ਕਰ ਕੇ ਖੇਡਣ ’ਚ ਅਯੋਗ ਐਲਾਨ ਦਿੱਤਾ ਸੀ। ਜਿਸ ਤੋਂ ਬਾਅਦ ਸਾਰੇ ਪਾਸੇ ਵਿਨੇਸ਼ ਫੋਗਾਟ ਲਈ ਹਮਦਰਦੀ ਦੀ ਭਾਵਨਾ ਜ਼ਾਹਿਰ ਕਰ ਰਹੇ ਹਨ।
ਇਸ ਮੌਕੇ ਕੈਨੇਡਾ ’ਚ ਰਹਿੰਦੇ ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣੇ ‘ਖੇਡ ਰਤਨ’ ਨੂੰ ਜਿਸ ’ਚ ਸਵਾ ਦੋ ਤੋਲੇ ਦਾ ਗੋਲਡ ਮੈਡਲ ਵੀ ਸ਼ਾਮਲ ਹੈ, ਵਿਨੇਸ਼ ਫੋਗਾਟ ਨੂੰ ਦੇਣ ਦਾ ਐਲਾਨ ਕੀਤਾ ਹੈ। ਪ੍ਰਿੰਸੀਪਲ ਸਰਵਣ ਸਿੰਘ ਨੂੰ ‘ਖੇਡ ਰਤਨ’ ਸਨਮਾਨ 5 ਮਾਰਚ 2023 ਨੂੰ ਪੰਜਾਬ ਦੀ ਮਿੰਨੀ ਓਲੰਪਿਕ ਵਜੋਂ ਜਾਣਿਆਂ ਜਾਂਦਾ ਹੈ। ਉਨ੍ਹਾਂ ਨੂੰ ਇਹ ਪੁਰਸਕਾਰ ਹਰਬੰਸ ਸਿੰਘ ਪੁਰੇਵਾਲ ਯਾਦਗਾਰੀ ਖੇਡਾਂ ਹਕੀਮਪੁਰ ’ਚ ਦਿੱਤਾ ਗਿਆ ਸੀ। ਇਸ ਖੇਡ ਰਤਨ ਵਜੋਂ ਸਵਾ ਦੋ ਤੋਲੇ ਸ਼ੁੱਧ ਸੋਨੇ ਦਾ ਮੈਡਲ ਵੀ ਦਿੱਤਾ ਗਿਆ ਸੀ। ਉਨ੍ਹਾਂ ਇਹ ਪੁਰਸਕਾਰ ਉਨ੍ਹਾਂ ਦੀਆਂ ਖੇਡ ਸਾਹਿਤ ਜਗਤ ਦੀਆਂ ਪ੍ਰਾਪਤੀਆਂ ਅਤੇ ਲੇਖਣੀ ਕਰ ਕੇ ਦਿੱਤਾ ਗਿਆ ਸੀ।
ਪ੍ਰਿੰਸੀਪਲ ਸਰਵਣ ਸਿੰਘ ਨੇ ਦੱਸਿਆ ਕਿ ਸਾਰੇ ਖੇਡ ਪ੍ਰੇਮੀ, ਖੇਡ ਪ੍ਰੋਮਟਰਾਂ ਨੇ ਰਲ਼ ਕੇ ਤੈਅ ਕੀਤਾ ਹੈ ਕਿ ਉਹ ਵਿਨੇਸ਼ ਫੋਗਾਟ ਦਾ ਜਿਨ੍ਹਾਂ ਬਣਦਾ ਸੀ ਉਸ ਤੋਂ ਵੱਧ ਕੇ ਸਨਮਾਨ ਕਰਨਗੇ। ਉਨ੍ਹਾਂ ਨੇ ਦੱਸਿਆ, “ਮੈਨੂੰ ਖੇਡ ਰਤਨ ਮੇਰੀਆਂ ਉਮਰ ਭਰ ਦੀਆਂ ਖੇਡ ਸੇਵਾਵਾਂ ਲਈ ਮਿਲਿਆ ਹੈ। ਜਿਸ ਨੂੰ ਮੈਂ ਉਸ ਬੱਚੀ ਨੂੰ ਦੇਣਾ ਚਾਹੁੰਦਾ ਹਾਂ ਕਿਉਂਕਿ ਅਸਲੀ ਗੋਲਡ ਮੈਡਲ ਗੰਦੀ ਸਿਆਸਤ ਦੇ ਸਿਰ ਚੜ੍ਹ ਗਿਆ। ਪਰ ਅਸੀਂ ਉਸ ਦਾ ਵੱਧ ਤੋਂ ਵੱਧ ਸਨਮਾਨ ਕਰਾਂਗੇ।” ਉਨ੍ਹਾਂ ਨੇ ਕਿਹਾ, “ਅਜਿਹੀ ਭਲਵਾਨ ਜਿਸ ਨੇ ਕਈ ਹੋਰਨਾਂ ਕੁੜੀਆਂ ਲਈ ਸੰਘਰਸ਼ ਕੀਤਾ, ਕਈ ਸਾਲ ਕੁਸ਼ਤੀ ਦੇ ਨਾਂ ਕਰ ਦਿੱਤੇ। ਅਸੀਂ ਉਸ ਲਈ ਖੜ੍ਹੇ ਹਾਂ। ਇਹ ਤਾਂ ਸਿਰਫ਼ ਟੋਕਨ ਹੈ ਬਾਕੀ ਅਜੇ ਅਸੀਂ ਹੋਰ ਵੀ ਕੁਝ ਸੋਚ ਰਹੇ ਹਾਂ।”ਹਾਲਾਂਕਿ ਵਿਨੇਸ਼ ਫੋਗਾਟ ਨੇ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਕੁਸ਼ਤੀ ਨੂੰ ਅਲਵਿਦਾ ਆਖ ਦਿੱਤਾ ਹੈ।