ਬਾਦਲਾਂ ਦੇ ਦੋ ਧੜਿਆਂ ਦੀ ਲੜਾਈ ਪੰਥਕ ਮਸਲਾ ਨਹੀਂ ਅਤੇ ਅਕਾਲ ਤਖਤ ਦਾ ਮੌਜੂਦਾ ਨਿਜਾਮ ਪੰਥਕ ਰਿਵਾਇਤ ਅਨੁਸਾਰੀ ਨਹੀਂ: ਪੰਥ ਸੇਵਕ

ਚੰਡੀਗੜ੍ਹ ਨੈਸ਼ਨਲ ਪੰਜਾਬ

ਬਾਦਲਾਂ ਦੇ ਦੋ ਧੜਿਆਂ ਦੀ ਲੜਾਈ ਪੰਥਕ ਮਸਲਾ ਨਹੀਂ ਅਤੇ ਅਕਾਲ ਤਖਤ ਦਾ ਮੌਜੂਦਾ ਨਿਜਾਮ ਪੰਥਕ ਰਿਵਾਇਤ ਅਨੁਸਾਰੀ ਨਹੀਂ: ਪੰਥ ਸੇਵਕ

ਨਵੀਂ ਦਿੱਲੀ 8 ਅਗਸਤ ,ਬੋਲੇ ਪੰਜਾਬ ਬਿਊਰੋ :

ਪੰਥ ਸੇਵਕ ਜੁਝਾਰੂ ਸਖਸ਼ੀਅਤਾਂ ਨੇ ਅੱਜ ਜਾਰੀ ਇਕ ਸਾਂਝੇ ਬਿਆਨ ਰਾਹੀਂ ਕਿਹਾ ਹੈ ਕਿ ਪੰਜਾਬ ਵਿਚਲੀ ਸਿੱਖ ਵੋਟ ਰਾਜਨੀਤੀ ਮੁਕੰਮਲ ਪੰਥਕ ਰਾਜਨੀਤੀ ਨਹੀਂ ਹੈ ਅਤੇ ਪੰਥਕ ਰਾਜਨੀਤੀ ਦਾ ਘੇਰਾ ਬਹੁਤ ਵਿਸ਼ਾਲ ਹੈ ਤੇ ਪੰਜਾਬ ਦੀ ਸਿੱਖ ਵੋਟ ਰਾਜਨੀਤੀ ਉਸ ਦਾ ਇੱਕ ਹਿੱਸਾ ਹੈ।
ਪੰਥ ਸੇਵਕਾਂ ਭਾਈ ਦਲਜੀਤ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਖਦੇਵ ਸਿੰਘ ਡੋਡ ਨੇ ਕਿਹਾ ਕਿ ਮੌਜੂਦਾ ਸਮੇਂ ਬਾਦਲ ਦਲ ਦੇ ਦੋ ਧੜਿਆਂ ਦੀ ਆਪਸੀ ਤਕਰਾਰ ਵੋਟ ਰਾਜਨੀਤੀ ਵਾਲੀ ਇਸ ਸਿੱਖ ਪਾਰਟੀ ਦੀ ਅੰਦਰੂਨੀ ਪਾਟੋਧਾੜ ਦਾ ਮਸਲਾ ਹੈ। ਸੌਦਾ ਸਾਧ ਦੀ ਮਾਫੀ, ਬੇਅਦਬੀ ਮਾਮਲਿਆਂ ਵਿਚ ਨਾਕਾਮੀ, ਦੋਸ਼ੀ ਪੁਲਿਸ ਵਾਲਿਆਂ ਦੀ ਪੁਸ਼ਤਪਨਾਹੀ ਅਤੇ ਪੰਥਕ ਸੰਸਥਾਵਾਂ ਨੂੰ ਢਾਹ ਲਾਉਣ ਦੇ ਮਸਲਿਆਂ ਵਿਚ ਦੋਵੇਂ ਧੜੇ ਹੀ ਸਮੂਹਿਕ ਜਿੰਮੇਵਾਰੀ ਦੇ ਸਿਧਾਂਤ ਅਨੁਸਾਰ ਦੋਸ਼ੀ ਹਨ।
ਉਹਨਾ ਕਿਹਾ ਕਿ ਦੋ ਧੜਿਆਂ ਦੀ ਇਸ ਆਪਸੀ ਲੜਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਗੁਰੂ ਵਰੋਸਾਈ ਸੰਸਥਾ ਰਾਹੀਂ ਪੰਥਕ ਮਸਲਾ ਬਣਾਉਣ ਦਾ ਯਤਨ ਕਰਨਾ ਅਕਾਲ ਤਖਤ ਸਾਹਿਬ ਦੀ ਮੌਲਿਕ ਭੂਮਿਕਾ ਨੂੰ ਛੁਟਿਆਉਣ ਦੇ ਤੁੱਲ ਹੈ। ਤਖਤ ਸਾਹਿਬਾਨ ਦੇ ਮੌਜੂਦਾ ਸੇਵਾਦਾਰਾਂ ਦੀ ਨਿਯੁਕਤੀ ਤੇ ਅਮਲ, ਅਤੇ ਤਖਤ ਸਾਹਿਬਾਨ ਦਾ ਸਮੁੱਚਾ ਸੇਵਾ ਨਿਜਾਮ ਪੰਥਕ ਰਵਾਇਤ ਅਨੁਸਾਰੀ ਨਾ ਹੋਣ ਕਾਰਨ ਪੰਥ ਪ੍ਰਵਾਨਤ ਨਹੀਂ ਹੈ।
ਪੰਥ ਸੇਵਕ ਸਖਸ਼ੀਅਤਾਂ ਨੇ ਕਿਹਾ ਹੈ ਕਿ ਅੱਜ ਦੇ ਸਮੇਂ ਪ੍ਰਮੁੱਖ ਜਰੂਰਤ ਵੋਟ ਰਾਜਨੀਤੀ ਵਾਲੀ ਪਾਰਟੀ ਦੇ ਅੰਦਰੂਨੀ ਕਲੇਸ਼ ਨੂੰ ਨਜਿਠਣ ਉੱਤੇ ਸਾਰਾ ਜ਼ੋਰ ਲਗਾਉਣ ਦੀ ਬਜਾਏ ਸਮੁੱਚੀ ਪੰਥਕ ਰਾਜਨੀਤੀ ਦੀ ਮੁੜ ਉਸਾਰੀ ਦੇ ਯਤਨ ਕਰਨ ਦੀ ਹੈ। ਇਸ ਤਹਿਤ ਤਖਤ ਸਾਹਿਬ ਦਾ ਪੰਥਕ ਰਵਾਇਤ ਅਨੁਸਾਰੀ ਸੇਵਾ ਨਿਜਾਮ ਸਿਰਜਣਾ, ਗੁਰਮਤਿ ਆਸ਼ੇ ਅਤੇ ਪੰਥਕ ਰਿਵਾਇਤ ਅਨੁਸਾਰੀ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਦਾ ਨਿਜ਼ਾਮ ਸਿਰਜਣਾ, ਖਾਲਸਾ ਪੰਥ ਦੀ ਸੁਤੰਤਰਤਾ ਅਤੇ ਪਾਤਸ਼ਾਹੀ ਦਾਅਵੇ ਅਨੁਸਾਰੀ ਰਾਜ ਪ੍ਰਬੰਧ ਸਿਰਜਣ ਦੇ ਸੰਘਰਸ਼ ਦੀ ਭਵਿੱਖ ਦੀ ਵਿਉਂਤਬੰਦੀ ਅਤੇ ਮੌਜੂਦਾ ਦੂਜੇ ਸੰਸਾਰੀ ਨਿਜ਼ਾਮਾਂ ਅੰਦਰ ਸਿੱਖ ਵੋਟ ਰਾਜਨੀਤੀ ਦੀ ਮੁੜ ਉਸਾਰੀ ਦੀਆਂ ਲੀਹਾਂ ਤਹਿ ਕਰਨ ਦੀ ਜਰੂਰਤ ਹੈ।
ਉਹਨਾ ਕਿਹਾ ਕਿ ਇਸ ਵਾਸਤੇ ਸੰਸਾਰ ਭਰ ਦੇ ਸੁਹਿਰਦ ਸਿੱਖ ਹਿੱਸਿਆਂ ਅਤੇ ਖਾਲਸਾ ਪੰਥ ਦੇ ਸੇਵਾਦਾਰਾਂ ਨੂੰ ਆਪਸੀ ਸੰਵਾਦ ਵਿਚ ਰਚਾਉਣਾ ਅਤੇ ਉੱਦਮ ਕਰਨਾ ਚਾਹੀਦਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।