ਚੰਡੀਗੜ੍ਹ, ਬੋਲੇ ਪੰਜਾਬ ਬਿਉਰੋ:ਅਰਵਿੰਦ ਕੇਜਰੀਵਾਲ ਅਤੇ ਸੀਐਮ ਭਗਵੰਤ ਮਾਨ ਅੱਜ ਤੇ ਕੱਲ੍ਹ ਨੂੰ ਪੰਜਾਬ ਵਿੱਚ ਹੋਣਗੇ।
ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ INDIA ਤਹਿਤ ਹੋਇਆ ਸਮਝੌਤਾ ਪੰਜਾਬ ਵਿੱਚ ਸਿਰੇ ਨਹੀਂ ਚੜ੍ਹਿਆ ਹੈ ਜਿਸ ਤੋਂ ਬਾਅਦ ਦੋਵਾਂ ਧਿਰਾਂ ਨੇ ਆਪਣੇ ‘ਬਲ-ਬੂਤੇ’ ਉੱਤੇ ਚੋਣਾਂ ਲੜਣ ਦੀ ਐਲਾਨ ਕੀਤਾ ਹੋਇਆ ਹੈ ਇਸ ਲਈ ਹੁਣ ਉਮੀਦਵਾਰਾਂ ਦੇ ਨਾਵਾਂ ਉੱਤੇ ਮੰਥਨ ਹੋ ਰਿਹਾ ਹੈ ਤੇ ਆਉਣ ਵਾਲੇ ਹਫਤੇ ਵਿੱਚ ਉਮੀਦ ਜਤਾਈ ਜਾ ਰਹੀ ਹੈ ਕਿ ਪਾਰਟੀ ਕੁਝ ਚਿਹਰਿਆਂ ਦਾ ਐਲਾਨ ਕਰ ਸਕਦੀ ਹੈ।
ਅਰਵਿੰਦ ਕੇਜਰੀਵਾਲ ਅੱਜ ਜਲੰਧਰ ਪਹੁੰਚ ਰਹੇ ਹਨ। ਇੱਥੇ ਉਹ ਪੰਜਾਬ ਦੇ 150 ਮੁਹੱਲਾ ਕਲੀਨਿਕ ਪੰਜਾਬ ਨੂੰ ਸੌਂਪਣਗੇ। ਇਸ ਦੌਰਾਨ ਵਿਸ਼ਾਲ ਰੈਲੀ ਵੀ ਕੀਤੀ ਜਾ ਰਹੀ ਹੈ। ਜਿਸ ਵਿੱਚ ਮੁੱਖ ਤੌਰ ਉੱਤੇ ਵਿਰੋਧੀ ਇਨ੍ਹਾਂ ਲੀਡਰਾਂ ਦੇ ਨਿਸ਼ਾਨੇ ਉੱਤੇ ਰਹਿਣਗੇ। ਬੀਤੇ ਦਿਨੀਂ ਪਠਾਨਕੋਟ ਅਤੇ ਹੁਸ਼ਿਆਰਪੁਰ ‘ਚ ਆਯੋਜਿਤ ਕਾਰੋਬਾਰੀਆਂ ਨਾਲ ਮੀਟਿੰਗ ਪ੍ਰੋਗਰਾਮ ‘ਚ ਸੀਐੱਮ ਭਗਵੰਤ ਮਾਨ ਇਕੱਲੇ ਹੀ ਪਹੁੰਚੇ ਸਨ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਸੀਐਮ ਭਗਵੰਤ ਮਾਨ ਨੂੰ ਕਾਰੋਬਾਰੀਆਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ। ਹੁਣ ਐਤਵਾਰ ਨੂੰ ਕਾਰੋਬਾਰੀਆਂ ਨਾਲ ਮੀਟਿੰਗ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਹੋਣ ਜਾ ਰਿਹਾ ਹੈ। ਅਜਿਹੇ ‘ਚ ਅਰਵਿੰਦ ਕੇਜਰੀਵਾਲ ਵੀ ਇਸ ਦਾ ਹਿੱਸਾ ਹੋਣਗੇ। ਇਸੇ ਤਰ੍ਹਾਂ ਪੰਜਾਬ ਵਿੱਚ 150 ਨਵੇਂ ਬਣੇ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕੀਤਾ ਜਾਵੇਗਾ।