ਅਮਰੀਕਾ ਦੇ ਨਿਊ ਯਾਰਕ ਵਿਚ ਅੰਮ੍ਰਿਤਧਾਰੀ ਨੌਜਵਾਨ ਨਾਲ ਸ਼ਰ੍ਹੇਆਮ ਕੀਤੀ ਗਈ ਧੱਕੇਸ਼ਾਹੀ
ਨਵੀਂ ਦਿੱਲੀ 5 ਅਗਸਤ,ਬੋਲੇ ਪੰਜਾਬ ਬਿਊਰੋ :
ਨਿਊ ਯਾਰਕ ਵਿਖੇ ਇਕ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਕ੍ਰਿਪਾਨ ਨਾਲ ਹਮਲਾ ਕਰਨ ਦੇ ਬੇਬੁਨਿਆਦ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ। ਨੌਜਵਾਨ ਦੀ ਸ਼ਨਾਖਤ ਰੂਪਨਜੋਤ ਸਿੰਘ ਵਜੋਂ ਕੀਤੀ ਗਈ ਹੈ ਜੋ ਅਮਰੀਕਾ ਵਿਚ ਪੜ੍ਹ ਰਿਹਾ ਹੈ ਅਤੇ ਖਰਚਾ ਚਲਾਉਣ ਲਈ ਟੈਕਸੀ ਚਲਾਉਂਦਾ ਹੈ। ਰੂਪਨਜੋਤ ਸਿੰਘ ਨਿਊ ਯਾਰਕ ਦੇ ਜੌਹਨ ਐਫ਼. ਕੈਨੇਡੀ ਇੰਟਰਨੈਸ਼ਨਲ ਏਅਰਪੋਰਟ ’ਤੇ ਸਵਾਰੀ ਦੀ ਉਡੀਕ ਕਰ ਰਿਹਾ ਸੀ ਜਦੋਂ ਇਕ ਸ਼ਖਸ ਨੇ ਉਸ ਦੀ ਕ੍ਰਿਪਾਨ ਦੇਖ ਕੇ ਪੁਲਿਸ ਨੂੰ ਫੋਨ ਕਰ ਦਿਤਾ ਅਤੇ ਪੁਲਿਸ ਦੇ ਪੁੱਜਣ ’ਤੇ ਕ੍ਰਿਪਾਨ ਨਾਲ ਹਮਲਾ ਕਰਨ ਦੇ ਦੋਸ਼ ਲਾਉਣ ਲੱਗਾ। ਮੌਕੇ ’ਤੇ ਮੌਜੂਦ ਕਈ ਸਿੱਖ ਟੈਕਸੀ ਡਰਾਈਵਰਾਂ ਵੱਲੋਂ ਮਾਮਲੇ ਵਿਚ ਦਖਲ ਦੇਣ ਦਾ ਯਤਨ ਕੀਤਾ ਗਿਆ ਪਰ ਵੱਡੀ ਗਿਣਤੀ ਵਿਚ ਪੁਲਿਸ ਅਫ਼ਸਰ ਪੁੱਜ ਗਏ ਅਤੇ ਰੂਪਨਜੋਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਏ।
ਮੀਡੀਆ ਵਿਚ ਜਾਰੀ ਹੋਈ ਖ਼ਬਰ ਮੁਤਾਬਿਕ ਰੂਪਨਜੋਤ ਸਿੰਘ ਨਾਲ ਵਾਪਰੇ ਘਟਨਾਕ੍ਰਮ ਦੌਰਾਨ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ ਪਰ ਕਿਸੇ ਨੇ ਵੀ ਉਸ ਦੇ ਹੱਕ ਵਿਚ ਗਵਾਹੀ ਨਾ ਦਿਤੀ ਜਦਕਿ ਦੂਜੇ ਪਾਸੇ ਸਵਾਰੀ ਦੇ ਰੂਪ ਵਿਚ ਆਇਆ ਸ਼ਖਸ ਦੋਸ਼ ਲਾ ਰਿਹਾ ਸੀ ਕਿ ਉਸ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦਾ ਯਤਨ ਕੀਤਾ। ਰੂਪਨਜੋਤ ਸਿੰਘ ਦਾ ਭਵਿੱਖ ਖਰਾਬ ਹੋਣ ਤੋਂ ਬਚਾਉਣ ਲਈ ਸਿੱਖ ਜਥੇਬੰਦੀਆਂ ਵੱਲੋਂ ਨਿਊ ਯਾਰਕ ਸ਼ਹਿਰ ਦੇ ਮੇਅਰ ਅਤੇ ਨਿਊ ਯਾਰਕ ਸੂਬੇ ਦੀ ਗਵਰਨਰ ਨੂੰ ਮਾਮਲੇ ਵਿਚ ਦਖਲ ਦੇਣ ਦੀ ਅਪੀਲ ਕੀਤੀ ਗਈ ਹੈ। ਅਮਰੀਕਾ ਵਿਚ ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਕੈਨੇਡਾ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਿਛਲੇ ਦੋ ਹਫ਼ਤਿਆਂ ਦੌਰਾਨ ਇਕੱਲੇ ਉਨਟਾਰੀਓ ਸੂਬੇ ਵਿਚ ਤਿੰਨ ਸਿੱਖਾਂ ’ਤੇ ਹਮਲਾ ਹੋਣ ਦੀ ਰਿਪੋਰਟ ਹੈ।