ਗੁਰਦੁਆਰਾ ਸਾਹਿਬ ਦੀ ਰਸੋਈ ‘ਚ ਅੱਗ ਲੱਗਣ ਕਾਰਨ ਪੰਜ ਵਿਦਿਆਰਥੀਆਂ ਸਣੇ ਸੱਤ ਲੋਕ ਝੁਲਸੇ
ਫਿਰੋਜ਼ਪੁਰ, 3 ਅਗਸਤ, ਬੋਲੇ ਪੰਜਾਬ ਬਿਊਰੋ :
ਫ਼ਿਰੋਜ਼ਪੁਰ ਵਿੱਚ ਬੀਤੇ ਕੱਲ੍ਹ ਦੁਪਹਿਰ ਇੱਕ ਵੱਡਾ ਹਾਦਸਾ ਵਾਪਰ ਗਿਆ। ਫ਼ਿਰੋਜ਼ਪੁਰ ਦੇ ਪਿੰਡ ਬਜੀਦਪੁਰ ਵਿੱਚ ਸਥਿਤ ਜਾਮਨੀ ਸਾਹਿਬ ਗੁਰਦੁਆਰੇ ਦੀ ਰਸੋਈ ਵਿੱਚ ਅਚਾਨਕ ਅੱਗ ਲੱਗ ਗਈ। ਇਸ ਕਾਰਨ ਸੱਤ ਲੋਕ ਝੁਲਸ ਗਏ। ਪਿੰਡ ਬਜੀਦਪੁਰ ਸਥਿਤ ਇਤਿਹਾਸਕ ਜਾਮਨੀ ਸਾਹਿਬ ਗੁਰਦੁਆਰੇ ਦੀ ਰਸੋਈ ਵਿੱਚ ਅੱਗ ਲੱਗ ਜਾਣ ਕਾਰਨ ਭਗਦੜ ਮੱਚ ਗਈ। ਇਸ ਘਟਨਾ ਵਿੱਚ ਗੁਰਦੁਆਰੇ ਦੇ ਪੰਜ ਵਿਦਿਆਰਥੀ ਅਤੇ ਦੋ ਮੁਲਾਜ਼ਮ 60 ਫੀਸਦੀ ਸੜ ਗਏ।
ਜ਼ਖਮੀਆਂ ਨੂੰ ਸਥਾਨਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਦੋ ਮੁਲਾਜ਼ਮਾਂ ਨੂੰ ਲੁਧਿਆਣਾ ਅਤੇ ਪੰਜ ਵਿਦਿਆਰਥੀਆਂ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਗੁਰਦੁਆਰੇ ਦੀ ਰਸੋਈ ਵਿੱਚ ਰੱਖੇ ਸਿਲੰਡਰ ਦੀ ਗੈਸ ਪਾਈਪ ਲੱਥ ਗਈ, ਜਿਸ ਕਾਰਨ ਅੱਗ ਰਸੋਈ ਵਿੱਚ ਫੈਲ ਗਈ।
ਗੁਰਪਾਲ ਸਿੰਘ, ਜਗਸੀਰ ਸਿੰਘ ਅਤੇ ਚਮਕੌਰ ਸਿੰਘ ਨੇ ਦੱਸਿਆ ਕਿ ਗੁਰਦੁਆਰੇ ਦੀ ਰਸੋਈ ਵਿੱਚ ਲੰਗਰ ਤਿਆਰ ਕੀਤਾ ਜਾ ਰਿਹਾ ਸੀ। ਸਰਕਾਰੀ ਸਕੂਲ ਵਿੱਚ ਪੜ੍ਹਦੇ ਪੰਜ ਵਿਦਿਆਰਥੀ ਵੀ ਲੰਗਰ ਵਰਤਾ ਰਹੇ ਸਨ। ਵਿਦਿਆਰਥੀ ਰਸੋਈ ‘ਚੋਂ ਸਾਮਾਨ ਲੈਣ ਗਏ ਹੋਏ ਸਨ। ਰਸੋਈ ‘ਚ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਉਥੇ ਹਫੜਾ-ਦਫੜੀ ਮੱਚ ਗਈ।
ਸਕੂਲੀ ਵਿਦਿਆਰਥੀ ਵਿੱਚ ਰਾਮ ਭਗਵਾਨ (14), ਰਾਮਪਾਲ (18) ਵਾਸੀ ਪਿਆਰੇਆਣਾ 50 ਤੋਂ 60 ਫੀਸਦੀ ਝੁਲਸ ਗਏ। ਵਿਦਿਆਰਥੀ ਗੁਰਬਖਸ਼ ਸਿੰਘ (17), ਜਗਸੀਰ ਅਤੇ ਅਕਾਸ਼ਦੀਪ ਸਿੰਘ 30 ਫੀਸਦੀ ਝੁਲਸ ਗਏ। ਪੰਜੇ ਵਿਦਿਆਰਥੀ ਫਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਜ਼ੇਰੇ ਇਲਾਜ ਹਨ। ਗੁਰਦੁਆਰੇ ਦੇ ਮੁਲਾਜ਼ਮ ਕੁਲਵਿੰਦਰ ਸਿੰਘ ਅਤੇ ਇੱਕ ਹੋਰ ਮੁਲਾਜ਼ਮ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਸਿਵਲ ਹਸਪਤਾਲ ਦੇ ਡਾਕਟਰ ਜਤਿੰਦਰ ਕੋਛੜ ਨੇ ਦੱਸਿਆ ਕਿ ਇਹ ਸਾਰੇ ਲੋਕ ਲਗਭਗ ਝੁਲ਼ਸ ਚੁੱਕੇ ਹਨ, ਪਰ ਖ਼ਤਰੇ ਤੋਂ ਬਾਹਰ ਹਨ।