9 ਅਗਸਤ ਨੂੰ ਦਿੱਲੀ ਸੰਸਦ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਵਿਦਿਆਰਥੀ ਪਹੁੰਚਣਗੇ – ਆਇਸਾ
ਮਾਨਸਾ ਜੁਲਾਈ 31 ,ਬੋਲੇ ਪੰਜਾਬ ਬਿਊਰੋ :
ਅੱਜ ਇੱਥੇ ਆਇਸਾ ਪੰਜਾਬ ਦੀ ਮੀਟਿੰਗ ਜਨਰਲ ਸਕੱਤਰ ਪ੍ਰਸੰਨਜੀਤ ਕੁਮਾਰ ਅਤੇ ਸੂਬਾ ਆਗੂ ਸੁਖਜੀਤ ਰਾਮਾਨੰਦੀ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਜਨਰਲ ਸਕੱਤਰ ਪ੍ਰਸੰਨਜੀਤ ਕੁਮਾਰ ਨੇ ਕਿਹਾ ਕਿ ਬੀਜੇਪੀ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾਉਣ,ਸਿੱਖਿਆ ਨੂੰ ਪ੍ਰਾਈਵੇਟ ਕਰਨ ਦੇ ਖਿਲਾਫ,ਯੂ ਜੀ ਸੀ ਦੀਆਂ ਗ੍ਰਾਂਟਾਂ ਅਤੇ ਫੰਡਾਂ ਉੱਪਰ ਕੱਟ,ਪ੍ਰੀਖਿਆਵਾਂ ਦੀ ਲੁੱਟ ਦੇ ਖਿਲਾਫ਼ ਆਇਸਾ ਵੱਲੋਂ 9 ਅਗਸਤ ਨੂੰ ਦਿੱਲੀ ਸੰਸਦ ਅੱਗੇ,ਨਵੀਂ ਸਿੱਖਿਆ ਨੀਤੀ ਵਾਪਸ ਲਵੋ,NTA ਨੂੰ ਖ਼ਤਮ ਕਰੋ, ਪੇਪਰ ਲੀਕ ਅਤੇ ਭ੍ਰਿਸ਼ਟਾਚਾਰ ਦੀ ਗਾਥਾ ਸਮਾਪਤ ਕਰੋ,ਪ੍ਰੀਖਿਆਵਾਂ ਦਾ ਕੇਂਦਰੀਕਰਨ ਬੰਦ ਕਰੋ, ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਸਤੀਫਾ ਦਿਉ, ਸਿੱਖਿਆ ਉੱਪਰ ਬਜਟ ਦਸ ਪ੍ਰਤੀਸ਼ਤ ਹਿੱਸਾ ਖਰਚ ਕਰੋ,ਸਿੱਖਿਆ ਦਾ ਨਿੱਜੀਕਰਨ ਅਤੇ ਕੇਂਦਰੀਕਰਨ ਬੰਦ ਕਰੋ,ਯੂ ਜੀ ਸੀ ਦੀਆਂ ਗ੍ਰਾਂਟਾਂ ਅਤੇ ਫੰਡਾਂ ਉੱਪਰ ਲਗਾਇਆ ਗਿਆ ਕੱਟ ਖਤਮ ਕਰੋ ਅਤੇ ਹਰ ਇੱਕ ਲਈ ਰੁਜ਼ਗਾਰ ਦਾ ਪ੍ਰਬੰਧ ਕਰੋ ਦੇ ਨਾਅਰੇ ਤਹਿਤ ਪੂਰੇ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਲਾਮਬੰਦ ਕਰਦਿਆਂ ਮਾਰਚ ਕੀਤਾ ਜਾਵੇਗਾ ਅਤੇ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਇਸ ਮੌਕੇ ਆਇਸਾ ਦੇ ਪੰਜਾਬ ਆਗੂ ਸੁਖਜੀਤ ਰਾਮਾਨੰਦੀ ਨੇ ਕਿਹਾ ਕਿ ਆਇਸਾ ਪੰਜਾਬ ਵੱਲੋਂ ਸ਼ਹੀਦੇ ਆਜ਼ਮ ਊਧਮ ਸਿੰਘ ਦੇ ਵਿਚਾਰਾਂ ਨੂੰ ਪੰਜਾਬ ਦੇ ਸਕੂਲਾਂ-ਕਾਲਜਾਂ, ਯੂਨੀਵਰਸਿਟੀਆਂ ਅਤੇ ਸ਼ਹਿਰਾਂ ਤੇ ਪਿੰਡ ਪੱਧਰ ਤੇ ਘਰ-ਘਰ ਤੱਕ ਲੈ ਕੇ ਜਾਣ ਲਈ ਮੁਹਿੰਮ ਚਲਾਉਂਦਿਆਂ ਵਿਦਿਆਰਥੀ ਨੌਜਵਾਨਾਂ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਦੇ 9 ਅਗਸਤ ਨੂੰ ਬੀਜੇਪੀ ਸਰਕਾਰ ਦੇ ਨੌਜਵਾਨ-ਵਿਦਿਆਰਥੀ ਵਿਰੋਧੀ ਰਵੱਈਏ ਦੇ ਖਿਲਾਫ ਆਇਸਾ ਵੱਲੋਂ ਪੂਰੇ ਦੇਸ਼ ਦੇ ਵਿਦਿਆਰਥੀਆਂ ਨੂੰ ਲਾਮਬੰਦ ਕਰਦਿਆਂ ਕੀਤੇ ਜਾ ਰਹੇ ਸੰਸਦ ਮਾਰਚ ਵਿੱਚ ਪੰਜਾਬ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਵਿਦਿਆਰਥੀ ਸ਼ਮੂਲੀਅਤ ਕਰਨਗੇ।ਇਸ ਮੌਕੇ ਆਇਸਾ ਦੇ ਜ਼ਿਲਾ ਮਾਨਸਾ ਦੇ ਪ੍ਰਧਾਨ ਕੁਲਵੰਤ ਸਿੰਘ ਖੋਖਰ ਕਲਾਂ, ਜ਼ਿਲਾ ਸਕੱਤਰ ਰਾਜਦੀਪ ਸਿੰਘ ਗੇਹਲੇ,ਜ਼ਿਲਾ ਸੋਸ਼ਲ ਮੀਡੀਆ ਸਕੱਤਰ ਅਮਨਦੀਪ ਸਿੰਘ ਰਾਮਪੁਰ ਮੰਡੇਰ, ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੇ ਆਗੂ ਗਗਨਦੀਪ ਕੌਰ ਅਤੇ ਮਨਦੀਪ ਕੌਰ, ਗੁਰੂ ਨਾਨਕ ਕਾਲਜ ਬੁਢਲਾਡਾ ਦੀ ਕਮੇਟੀ ਦੇ ਆਗੂ ਸੱਤਨਾਮ ਸਿੰਘ ਗੰਢੂ ਖੁਰਦ,ਗੁਰੂ ਕਾਸ਼ੀ ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ ਦੇ ਆਗੂ ਸੁਖਵਿੰਦਰ ਸਿੰਘ ਤਲਵੰਡੀ ਸਾਬੋ,ਮਹਿੰਦਰਾ ਕਾਲਜ ਪਟਿਆਲਾ ਤੋਂ ਰੁਪਿੰਦਰ ਸਿੰਘ ਰੱਲਾ,ਮਨੀ ਸਿੰਘ ਅਕਲੀਆ,ਕ੍ਰਿਸ਼ਨਾ ਕਾਲਜ ਰੱਲੀ ਦੇ ਆਗੂ ਹਰਮਨ ਸਿੰਘ ਖਾਰਾ, ਗੁਰੂ ਗੋਬਿੰਦ ਸਿੰਘ ਆਈ ਟੀ ਆਈ ਭੈਣੀ ਬਾਘਾ ਦੇ ਆਗੂ ਜਸਪ੍ਰੀਤ ਸਿੰਘ ਤੇ ਦਲਜੀਤ ਸਿੰਘ ਅਤੇ ਹੁਸ਼ਿਆਰ ਸਿੰਘ ਆਦਿ ਆਗੂ ਹਾਜ਼ਰ ਸਨ।