ਸਮਰਾਲਾ : ਰਿਸ਼ਤੇਦਾਰ ਦੇ ਘਰ ਅਫਸੋਸ ਪ੍ਰਗਟ ਕਰਨ ਜਾ ਰਹੇ ਜੋੜੇ ਦਾ ਐਕਸੀਡੈਂਟ, ਪਤਨੀ ਦੀ ਮੌਤ,ਪਤੀ ਗੰਭੀਰ ਜ਼ਖਮੀ
ਸਮਰਾਲਾ, 31 ਜੁਲਾਈ, ਬੋਲੇ ਪੰਜਾਬ ਬਿਊਰੋ :
ਸਮਰਾਲਾ ‘ਚ ਲੁਧਿਆਣਾ-ਚੰਡੀਗੜ੍ਹ ਰੋਡ ‘ਤੇ ਅੱਜ ਸਵੇਰੇ ਮੋਟਰਸਾਈਕਲ ਅਤੇ ਸਵਿਫਟ ਵਾਹਨ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਪਤੀ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਸਮਰਾਲਾ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰ ਨੇ ਉਸ ਨੂੰ ਚੰਡੀਗੜ੍ਹ ਦੇ ਹਸਪਤਾਲ ਰੈਫਰ ਕਰ ਦਿੱਤਾ। ਮ੍ਰਿਤਕਾ ਦੀ ਪਹਿਚਾਣ ਪਵਿਤਰ ਕੌਰ ਉਮਰ 55 ਸਾਲ ਅਤੇ ਜ਼ਖਮੀ ਗੁਰਪ੍ਰੀਤ ਸਿੰਘ ਉਮਰ 58 ਸਾਲ ਵਜੋਂ ਹੋਈ ਹੈ। ਪਤੀ-ਪਤਨੀ ਪਿੰਡ ਮਾਣਕੀ ਵਿਖੇ ਕਿਸੇ ਰਿਸ਼ਤੇਦਾਰ ਦੇ ਘਰ ਅਫਸੋਸ ਪ੍ਰਗਟ ਕਰਨ ਜਾ ਰਹੇ ਸਨ।
ਪੀੜਤ ਪਰਿਵਾਰ ਦੇ ਰਿਸ਼ਤੇਦਾਰ ਰਣਧੀਰ ਸਿੰਘ ਧੀਰਾ ਨੇ ਦੱਸਿਆ ਕਿ ਪਤੀ-ਪਤਨੀ ਮੋਟਰਸਾਈਕਲ ’ਤੇ ਪਿੰਡ ਮਾਣਕੀ ਵਿਖੇ ਕਿਸੇ ਰਿਸ਼ਤੇਦਾਰ ਦੇ ਘਰ ਅਫਸੋਸ ਪ੍ਰਗਟ ਕਰਨ ਲਈ ਜਾ ਰਹੇ ਸਨ। ਜਦੋਂ ਇਹ ਮੋਟਰਸਾਈਕਲ ਸਮਰਾਲਾ ਬਾਈਪਾਸ ਤੇ ਸੈਂਟੀਨਲ ਸਕੂਲ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੀ ਇੱਕ ਸਵਿਫਟ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ‘ਤੇ ਸਵਾਰ ਪਤਨੀ ਦੀ ਮੌਤ ਹੋ ਗਈ ਅਤੇ ਜ਼ਖਮੀ ਪਤੀ ਨੂੰ ਸਮਰਾਲਾ ਸਿਵਲ ਹਸਪਤਾਲ ਪਹੁੰਚਾਇਆ ਗਿਆ। ਜਿੱਥੋਂ ਜ਼ਖਮੀ ਨੂੰ ਚੰਡੀਗੜ੍ਹ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ।