ਸੁਖਬੀਰ ਬਾਦਲ ਦੇ ਹੁਕਮਾਂ ‘ਤੇ ਰਾਮ ਰਹੀਮ ਨੂੰ ਦਿੱਤੀ ਗਈ ਮੁਆਫ਼ੀ: ਪ੍ਰਦੀਪ ਕਲੇਰ

ਚੰਡੀਗੜ੍ਹ ਪੰਜਾਬ

ਸੁਖਬੀਰ ਬਾਦਲ ਦੇ ਹੁਕਮਾਂ ‘ਤੇ ਰਾਮ ਰਹੀਮ ਨੂੰ ਦਿੱਤੀ ਗਈ ਮੁਆਫ਼ੀ, ਪ੍ਰਦੀਪ ਕਲੇਰ

ਚੰਡੀਗੜ੍ਹ, 31 ਜੁਲਾਈ ,ਬੋਲੇ ਪੰਜਾਬ ਬਿਊਰੋ :

ਬੇਅਦਬੀ ਕੇਸ ‘ਚ ਸਰਕਾਰੀ ਗਵਾਹ ਬਣੇ ਡੇਰਾ ਸਿਰਸਾ ਦੇ ਸਾਬਕਾ ਪ੍ਰੇਮੀ ਪ੍ਰਦੀਪ ਕਲੇਰ ਦੇ ਕਈ ਵੱਡੇ ਖੁਲਾਸਿਆਂ ਤੋਂ ਬਾਅਦ ਪੰਜਾਬ ਦੀ ਸਿਆਸਤ ਇਸ ਮੁੱਦੇ ‘ਤੇ ਇੱਕ ਵਾਰ ਮੁੜ ਗਰਮਾ ਗਈ ਹੈ। ਇੱਕ ਇੰਟਰਵਿਊ ‘ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਸਿੱਧੇ ਇਲਜ਼ਾਮ ਲਾਏ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਦਿੱਤੇ ਮੁਆਫੀਨਾਮੇ ‘ਚ ਸਿੱਧਾ ਹੱਥ ਹੈ ਅਤੇ ਸੁਖਬੀਰ ਦੇ ਕਹਿਣ ‘ਤੇ ਹੀ ਡੇਰਾ ਮੁਖੀ ਨੂੰ ਮੁਆਫੀ ਦਿੱਤੀ ਗਈ। 

ਪ੍ਰਦੀਪ ਕਲੇਰ ਇੰਟਰਵਿਊ ‘ਚ ਕਿਹਾ ਕਿ 2007 ਵਿੱਚ ਰਾਮ ਰਹੀਮ ਵੱਲੋਂ ਗੁਰੂ ਗੋਬਿੰਦ ਸਿੰਘ ਦੀ ਨਕਲ ਕਰਕੇ ਖੜ੍ਹੇ ਕੀਤੇ ਵਿਵਾਦ ਤੋਂ ਬਾਅਦ ਬਾਅਦ ਰਾਮ ਰਹੀਮ ਦਾ ਪੰਜਾਬ ਵਿੱਚ ਪ੍ਰਚਾਰ ਪੂਰੀ ਤਰ੍ਹਾਂ ਨਾਲ ਬੰਦ ਹੋ ਗਿਆ ਸੀ। ਜਿਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਹੁਕਮ ਜਾਰੀ ਕੀਤਾ ਸੀ ਕਿ ਰਾਮ ਰਹੀਮ ਨਾਲ ਸਿੱਖ ਕੋਈ ਸਾਂਝ ਨਹੀਂ ਰੱਖੇਗਾ। ਇਸ ਤੋਂ ਬਾਅਦ ਰਾਮ ਰਹੀਮ ਨੇ ਜਦੋਂ MSG-2 ਫਿਲਮ ਰਿਲੀਜ਼ ਕੀਤੀ ਸੀ ਤਾਂ ਇਸ ਨੂੰ ਪੰਜਾਬ ਵਿੱਚ ਬੈਨ ਕਰ ਦਿੱਤਾ ਗਿਆ ਸੀ। ਫਿਰ ਰਾਮ ਰਹੀਮ ਅਤੇ ਹਨੀਪ੍ਰੀਤ ਨੇ ਆਪਣੇ ਡੇਰੇ ਦੀ ਸਿਆਸੀ ਵਿੰਗ ਜਿਸ ਦਾ ਇੰਚਾਰਜ ਪ੍ਰਦੀਪ ਕਲੇਰ ਹੈ ਉਸ ਨੂੰ ਜਿੰਮੇਵਾਰੀ ਦਿੱਤੀ ਸੀ ਕਿ ਸੁਖਬੀਰ ਬਾਦਲ ਨਾਲ ਗੱਲਬਾਤ ਕਰਕੇ ਆਓ। ਸਾਡੀ ਫਿਲਮ ਨੂੰ ਪੰਜਾਬ ਵਿੱਚ ਰਿਲੀਜ਼ ਕਰੋ ਇਸ ਨਾਲ ਸਾਨੂੰ 200 ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ। 

ਪ੍ਰਦੀਪ ਕਲੇਰ ਨੇ ਦੱਸਿਆ ਕਿ ਫਿਰ ਮੈਂ ਅਤੇ ਮੇਰੇ ਨਾਲ ਹਰਸ਼ ਧੂਰੀ ਜੁਲਾਈ 2015 ‘ਚ ਦਿੱਲੀ 12, ਸਫਦਰਜੰਗ ‘ਚ ਬਾਦਲਾਂ ਹੋਣਾਂ ਦੀ ਕੋਠੀ ਵਿੱਚ ਗਏ। ਉੱਥੇ ਅਕਸਰ ਸੁਖਬੀਰ ਬਾਦਲ ਨਾਲ ਸਾਡੀ ਮੀਟਿੰਗ ਹੁੰਦੀ ਰਹਿੰਦੀ ਸੀ। ਉਸ ਤੋਂ ਬਾਅਦ ਵੀ ਸਾਡੀ ਸੁਖਬੀਰ ਬਾਦਲ ਨਾਲ ਕਈ ਵਾਰ ਇਸ ਮੁੱਦੇ ‘ਤੇ ਮੁਲਾਕਾਤ ਹੋਈ। ਸ਼ਨੀਵਾਰ ਅਤੇ ਐਤਵਾਰ ਨੂੰ ਅਸੀਂ ਮਿਲਦੇ ਹੁੰਦੇ ਸੀ। ਜੁਲਾਈ 2015 ਨੂੰ ਫਿਰ ਮੈਂ (ਪ੍ਰਦੀਪ ਕਲੇਰ) ਅਤੇ ਹਰਸ਼ ਧੂਰੀ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਫਿਲਮ ਪੰਜਾਬ ‘ਚ ਰਿਲੀਜ਼ ਕਰਵਾਉਣੀ ਹੈ। ਜਿਵੇਂ ਵੀ ਕਰਕੇ ਇਸ ਰੇੜਕਾ ਦੂਰ ਕਰੋ। 

ਪ੍ਰਦੀਪ ਕਲੇਰ ਨੇ ਇੰਟਰਵਿਊ ‘ਚ ਦਾਅਵਾ ਕੀਤਾ ਕਿ ਇਸ ਤੋਂ ਬਾਦਲ ਨੇ ਕਿਹਾ ਕਿ ਬਾਬਾ ਰਾਮ ਰਹੀਮ ਲਿਖਤੀ ਰੂਪ ਵਿੱਚ ਇੱਕ ਮੁਆਫ਼ੀਨਾਮਾ ਭੇਜ ਦੇਵੇ ਬਾਕੀ ਦਾ ਅਸੀਂ ਸਾਂਭ ਲਵਾਂਗੇ। ਬਾਦਲ ਨੇ ਕਿਹਾ ਕਿ ਜੇ ਰਾਮ ਰਹੀਮ ਤੁਹਾਡਾ ਬਾਬਾ ਹੈ ਤਾਂ ਇੱਧਰ ਪੰਜਾਬ ਦਾ ਬਾਬਾ ਮੈਂ ਹਾਂ। ਇੱਕ ਮੁਆਫੀਨਾਮਾ ਭੇਜੋ ਕੰਮ ਹੋ ਜਾਵੇਗਾ। ਹਾਲਾਂਕਿ ਮੁਆਫੀਨਾਮਾ ਜਾਰੀ ਵੀ ਕੀਤਾ ਗਿਆ ਪਰ ਸਿੱਖ ਸੰਗਤ ਦੇ ਵਿਰੋਧ ਤੋਂ ਬਾਅਦ ਇਸ ਨੂੰ ਫੇਰ ਤੋਂ ਵਾਪਿਸ ਲੈ ਲਿਆ ਗਿਆ। 

ਹਾਲਾਂਕਿ ਅਕਾਲੀ ਦਲ ਨੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਅਕਾਲੀ ਦਲ ਨੇ ਕਿਹਾ ਕਿ ਇਹ ਸਰਕਾਰ ਦੀ ਸਾਜ਼ਿਸ਼ ਹੈ। ਡੇਰਾ ਸਿਰਸਾ ਪ੍ਰੇਮੀ ਪ੍ਰਦੀਪ ਕਲੇਰ ਜਿਸ ਦੇ ਸਿਰ ਬੇਅਦਬੀਆਂ ਦਾ ਇਲਜ਼ਾਮ ਹੈ ਸਰਕਾਰ ਇਸ ਨੂੰ ਸਰਕਾਰੀ ਗਵਾਹ ਬਣਾ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।

Leave a Reply

Your email address will not be published. Required fields are marked *