ਨਵੀਂ ਦਿੱਲੀ 24 ਜੁਲਾਈ,ਬੋਲੇ ਪੰਜਾਬ ਬਿਊਰੋ :
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੂੰ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ । ਉਸਤੇ ਫੁੱਲ ਚੜ੍ਹਾਉੰਦੇ ਹੋਏ ਅੱਜ ਸ. ਸੁਖਬੀਰ ਸਿੰਘ ਬਾਦਲ ਤੇ ਸ. ਹਰਜਿੰਦਰ ਸਿੰਘ ਧਾਮੀ ਵੱਲੋਂ ਨਿਮਾਣੇ ਸਿੱਖ ਵਜੋਂ ਪੇਸ਼ ਹੋ ਕੇ ਸਪੱਸ਼ਟੀਕਰਨ ਦਿੱਤਾ ਗਿਆ । ਉਸਨੇ ਇੱਕ ਵਾਰ ਫੇਰ ਕੁੱਲ ਸੰਸਾਰ ਅੱਗੇ ਇਸ ਗੱਲ ਨੂੰ ਉਜਾਗਰ ਕੀਤਾ ਹੈ ਕਿ ਦੁਨੀਆਂ ਵਿੱਚ ਵੱਸਦੇ ਹਰ ਸਿੱਖ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸਰਵ ਉੱਚ ਹੈ ਅਤੇ ਹਰ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਸਿੱਖਾਂ ਦਾ ਸਿਆਸੀ ਆਗੂ ਚਾਹੇ ਕੋਈ ਵੀ ਰਿਹਾ ਹੋਵੇ ਮਾਸਟਰ ਤਾਰਾ ਸਿੰਘ ਤੋਂ ਲੈ ਕੇ ਸ. ਸੁਖਬੀਰ ਸਿੰਘ ਬਾਦਲ ਤੱਕ ਅਕਾਲੀ ਦਲ ਦੇ ਹਰ ਪ੍ਰਧਾਨ ਨੂੰ ਜਦੋਂ ਵੀ ਆਦੇਸ਼ ਹੋਇਆ ਤਾਂ ਉਸਨੇ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸਮਰਪਣ ਕੀਤਾ ਹੈ ।
ਸ. ਸੁਖਬੀਰ ਸਿੰਘ ਬਾਦਲ ਤੇ ਸ. ਹਰਜਿੰਦਰ ਸਿੰਘ ਧਾਮੀ ਵੱਲੋਂ ਬਿਨਾ ਵੱਡੇ ਕਾਫਲੇ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣਾ ਵੀ ਇਕ ਚੰਗਾ ਉੱਦਮ ਹੈ ਕਿਉਂਕਿ ਨਹੀ ਤਾਂ ਅਕਸਰ ਇਹ ਦੇਖਣ ਵਿੱਚ ਆਇਆ ਹੈ ਕਿ ਬਹੁਤੇ ਆਗੂ ਆਪਣੀ ਧੌਂਸ ਜਮਾਉਣ ਲਈ ਵੱਡਾ ਲਾਮ ਲਸ਼ਕਰ ਲੈ ਕੈ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਉੰਦੇ ਰਹੇ ਹਨ ।
ਹੁਣ ਜਦੋਂ ਕੌਮ ਦੀਆਂ ਦੋਵੇਂ ਨੁਮਾਇੰਦਾ ਧਿਰਾਂ ਦੇ ਮੁੱਖ ਸੇਵਾਦਾਰਾਂ ਵੱਲੋਂ ਆਪਣੇ ਆਪਣੇ ਸਪੱਸ਼ਟੀਕਰਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਕਰ ਦਿੱਤੇ ਗਏ ਹਨ ਤਾਂ ਆਸ ਕਰਦੇ ਹਾਂ ਕਿ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਤੇ ਬਾਕੀ ਜਥੇਦਾਰ ਸਾਹਿਬਾਨ ਇਹਨਾਂ ਸਪੱਸ਼ਟੀਕਰਨਾਂ ਨੂੰ ਗੁਰਮਿਤ ਦੀ ਰੌਸ਼ਨੀ ਵਿੱਚ ਵੀਚਾਰਦੇ ਹੋਏ ਕੌਮ ਨੂੰ ਅਗਵਾਈ ਦੇਣਗੇ ਅਤੇ ਜੋ ਇਸ ਵੇਲੇ ਕੌਮ ਵਿੱਚ ਹਾਲਤ ਬਣੇ ਹੋਏ ਹਨ । ਉਹਨਾਂ ਹਾਲਤਾਂ ਨੂੰ ਸ਼ਾਜਗਾਰ ਕਰਨ ਵਿੱਚ ਮੋਹਰੀ ਰੋਲ ਨਿਭਾਉਣਗੇ ਅਤੇ ਜੋ ਪੰਥ ਦੀਆਂ ਇਹਨਾਂ ਨੁਮਾਇੰਦਾ ਜਮਾਤਾਂ ਨੂੰ ਕਮਜ਼ੋਰ ਕਰਨ ਦੀਆਂ ਪੰਥ ਵਿਰੋਧੀ ਤਾਕਤਾਂ ਕੋਸ਼ਿਸ਼ ਕਰ ਰਹੀਆਂ ਹਨ । ਉਹਨਾਂ ਨੂੰ ਵੀ ਆਪਣੇ ਫੈਸਲੇ ਨਾਲ ਜਵਾਬ ਦੇਣਗੇ ।