ਤਲਵੰਡੀ ਸਾਬੋ 24 ਜੁਲਾਈ,ਬੋਲੇ ਪੰਜਾਬ ਬਿਊਰੋ :
ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਵੱਲੋਂ ਅਗਨੀਵੀਰ ਭਰਤੀ ਸਕੀਮ ਨੂੰ ਰੱਦ ਕਰਾਉਣ ਲਈ ਅਤੇ ਫੌਜ ਵਿੱਚ ਰੈਗੂਲਰ ਭਰਤੀ ਸਕੀਮ ਨੂੰ ਬਹਾਲ ਕਰਵਾਉਣ ਲਈ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਦੇ ਆਗੂ ਸੁਖਜੀਤ ਰਾਮਾਨੰਦੀ ਨੇ ਕਿਹਾ ਕਿ ਅੱਜ ਕੇਂਦਰ ਸਰਕਾਰ ਦੁਆਰਾ ਵਿਦਿਆਰਥੀਆਂ -ਨੌਜਵਾਨਾਂ ਦੇ ਭਵਿੱਖ ਨੂੰ ਹਨੇਰੇ ਵਿੱਚ ਧੱਕਣ ਦੇ ਲਈ ਅਤੇ ਲਈ ਰੁਜ਼ਗਾਰ ਨੂੰ ਖ਼ਤਮ ਕਰਨ ਲਈ ਸਿੱਖਿਆ ਦੇ ਖੇਤਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੇ ਮਕਸਦ ਨੂੰ ਨੇਪਰੇ ਚੜ੍ਹਾਉਣ ਲਈ ਲਿਆਂਦੀ ਗਈ ਨਵੀਂ ਸਿੱਖਿਆ ਨੀਤੀ 2020 ਦੇ ਅਧੀਨ ਚਾਰ ਸਾਲਾ ਗ੍ਰੈਜੂਏਸ਼ਨ ਕੋਰਸ ਵਰਗੀਆਂ ਪ੍ਰਣਾਲੀਆਂ ਅਤੇ ਨੀਟ ਵਰਗੀਆਂ ਪ੍ਰੀਖਿਆਵਾਂ ਵਿੱਚ ਘਪਲੇ ਕੀਤੇ ਜਾ ਰਹੇ ਹਨ। ਵਿਦਿਆਰਥੀਆਂ ਤੋਂ ਨਾਜਾਇਜ਼ ਪੀਟੀਏ ਫੰਡ ਵਸੂਲ ਕੀਤਾ ਜਾ ਰਿਹਾ ਹੈ।ਰੁਜ਼ਗਾਰ ਦੇ ਖੇਤਰ ਅੰਦਰ ਅਗਨੀਵੀਰ ਸਕੀਮ ਨੂੰ ਲਾਗੂ ਕਰਨ ਨਾਲ ਜਿੱਥੇ ਫੌਜ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਦੀਆਂ ਤਨਖਾਹਾਂ ਅਤੇ ਹੋਰ ਸੁਵਿਧਾਵਾਂ ਵਿੱਚ ਕਟੌਤੀ ਕੀਤੀ ਗਈ ਹੈ ਉੱਥੇ ਨਾਲ ਹੀ ਉਹਨਾਂ ਨੂੰ ਕੋਈ ਪੈੱਨਸ਼ਨ ਨਹੀਂ ਦੀ ਸੁਵਿਧਾ ਨਹੀਂ ਹੈ ਅਤੇ ਇਸ ਸਕੀਮ ਤਹਿਤ ਕੇਂਦਰ ਵੱਲੋਂ ਫੌਜੀਆਂ ਲਈ ਤਨਖਾਹ ਸਿਰਫ 24000 ਰੁਪਏ ਹੀ ਨਿਸ਼ਚਿਤ ਕੀਤੀ ਗਈ ਹੈ ਅਤੇ ਟਰੇਨਿੰਗ ਵਿੱਚ ਵੀ ਕਟੌਤੀ ਕਰਕੇ 9 ਮਹੀਨਿਆਂ ਦੀ ਬਜਾਇ 4-5 ਮਹੀਨਿਆਂ ਦੀ ਸਿਖਲਾਈ ਹੀ ਦਿੱਤੀ ਜਾ ਰਹੀ ਹੈ,ਜਿਸ ਨਾਲ ਅਣ ਸਿੱਖਿਅਤ ਨੌਜਵਾਨਾਂ ਦੇ ਭਰਤੀ ਹੋਣ ਕਾਰਨ ਸ਼ਹੀਦ ਹੋਣ ਵਾਲੇ ਨੌਜਵਾਨਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਫੌਜੀ ਨੌਜਵਾਨਾਂ ਦੀਆਂ ਤਨਖਾਹਾਂ ਵਿੱਚ ਕੱਟ ਲੱਗਣ ਨਾਲ ਉਹਨਾਂ ਦਾ ਆਰਥਿਕ ਪੱਖੋਂ ਸੋਸ਼ਣ ਹੋਵੇਗਾ।ਆਗੂਆਂ ਨੇ ਮੰਗ ਕੀਤੀ ਕਿ ਰੈਗੂਲਰ 16 ਸਾਲ ਤੋਂ 40 ਸਾਲ ਵਾਲੀ ਪੱਕੀ ਭਰਤੀ ਲਾਗੂ ਕੀਤੀ ਜਾਵੇ। ਅਗਨੀਵੀਰ ਸਕੀਮ ਤਹਿਤ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਸ਼ਹੀਦ ਕਰਾਰ ਦਿੱਤਾ ਜਾਵੇ,ਬਣਦੀ ਮੁਆਵਜ਼ਾ ਰਾਸ਼ੀ ਦਿੱਤਾ ਜਾਵੇ,ਨੌਜਵਾਨਾਂ ਦੇ ਲਈ ਯੋਗਤਾ ਮੁਤਾਬਿਕ ਰੁਜ਼ਗਾਰ ਦੀ ਗਰੰਟੀ ਲਈ ਰੁਜ਼ਗਾਰ ਅਧਿਕਾਰ ਗਰੰਟੀ ਐਕਟ ਲਿਆਂਦਾ ਜਾਵੇ,ਨਵੀਂ ਸਿੱਖਿਆ ਨੀਤੀ ਵਾਪਸ ਲਈ ਜਾਵੇ,ਸਿੱਖਿਆ ਦਾ ਨਿੱਜੀਕਰਨ ਅਤੇ ਵਪਾਰੀਕਰਨ ਬੰਦ ਕੀਤਾ ਜਾਵੇ ਅਤੇ ਵਿਦਿਆਰਥੀਆਂ ਤੋਂ ਨਾਜਾਇਜ਼ ਪੀਟੀਏ ਫੰਡ ਵਸੂਲ ਕਰਨਾ ਬੰਦ ਕੀਤਾ ਜਾਵੇ।
ਇਸ ਮੌਕੇ ਵਿਸ਼ਾਲ ਕੁਮਾਰ,ਮਨੀਸ਼ ਕੁਮਾਰ,ਵਿੱਕੀ ਕੁਮਾਰ,ਕੁਲਦੀਪ ਸਿੰਘ ਅਤੇ ਜੱਸੀ ਗਿੱਲ ਆਦਿ ਵਿਦਿਆਰਥੀ ਹਾਜ਼ਰ ਸਨ।