ਬਟਾਲਾ, 24 ਜੁਲਾਈ, ਬੋਲੇ ਪੰਜਾਬ ਬਿਊਰੋ :
ਬਟਾਲਾ ਵਿੱਚ ਬੀਤੀ ਦੇਰ ਸ਼ਾਮ ਗੋਲੀਆਂ ਚੱਲਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ। ਇੱਥੇ ਦੋ ਗੁੱਟਾਂ ਵਿਚਾਲੇ ਖੂਨੀ ਟਕਰਾਅ ਦੀ ਘਟਨਾ ਵਾਪਰੀ ਹੈ। ਇਸ ਘਟਨਾ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਬਟਾਲਾ ਦੇ ਸਿੰਬਲ ਚੌਕ ਨੇੜੇ ਭਾਈਆਂ ਵਾਲੀ ਗਲੀ ਵਿੱਚ ਮੰਗਲਵਾਰ ਸ਼ਾਮ ਨੂੰ ਦੋ ਗੁੱਟਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਝਗੜਾ ਇੰਨਾ ਵੱਧ ਗਿਆ ਕਿ ਦੋਵੇਂ ਧੜੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ। ਇਕ ਗਰੁੱਪ ਨੇ ਦੂਜੇ ਗਰੁੱਪ ‘ਤੇ ਗੋਲੀਆਂ ਚਲਾ ਦਿੱਤੀਆਂ। ਦੂਜੇ ਗਰੁੱਪ ਨੇ ਵੀ ਗੋਲੀਆਂ ਚਲਾਈਆਂ।
ਇਸ ਗੋਲੀਬਾਰੀ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਇਕ ਹੋਰ ਨੌਜਵਾਨ ਜ਼ਖਮੀ ਹੋ ਗਿਆ ਹੈ। ਪੁਲਿਸ ਨੇ ਮੌਕੇ ਤੋਂ ਇੱਕ ਰੌਂਦ ਵੀ ਬਰਾਮਦ ਕੀਤਾ ਹੈ। ਲੜਾਈ ਦੌਰਾਨ ਗੰਭੀਰ ਜ਼ਖਮੀ ਹੋਏ ਨੌਜਵਾਨ ਨੂੰ ਬਟਾਲਾ ਤੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
ਮ੍ਰਿਤਕ ਨੌਜਵਾਨ ਦੀ ਪਛਾਣ ਯੁੱਧਵੀਰ ਸਿੰਘ ਉਰਫ਼ ਯੋਧਾ ਵਾਸੀ ਗਾਂਧੀ ਨਗਰ ਕੈਂਪ ਬਟਾਲਾ ਵਜੋਂ ਹੋਈ ਹੈ। ਜਦੋਂਕਿ ਕਮਲਜੀਤ ਉਰਫ਼ ਰਾਹੁਲ ਵਾਸੀ ਗਾਂਧੀ ਕੈਂਪ ਗੰਭੀਰ ਜ਼ਖ਼ਮੀ ਹੈ ਅਤੇ ਉਸ ਦਾ ਇਲਾਜ ਅੰਮ੍ਰਿਤਸਰ ਵਿਖੇ ਚੱਲ ਰਿਹਾ ਹੈ। ਫਿਲਹਾਲ ਮੌਕੇ ‘ਤੇ ਪਹੁੰਚੇ ਡੀਐੱਸਪੀ ਏਡੀ ਸਿੰਘ ਨੇ ਦੱਸਿਆ ਕਿ ਦੋਵਾਂ ਗੁੱਟਾਂ ਵਿਚਾਲੇ ਝੜਪ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।