ਮਾਨਸਾ 23 ਜੁਲਾਈ ,ਬੋਲੇ ਪੰਜਾਬ ਬਿਊਰੋ :
ਇਨਕਲਾਬੀ ਨੌਜਵਾਨ ਸਭਾ ਪੰਜਾਬ ( RYA) ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਵੱਲੋਂ ਅਗਨੀਵੀਰ ਭਰਤੀ ਸਕੀਮ ਨੂੰ ਰੱਦ ਕਰਾਉਣ ਲਈ ਅਤੇ ਫੌਜ ਵਿੱਚ ਰੈਗੂਲਰ ਭਰਤੀ ਸਕੀਮ ਨੂੰ ਬਹਾਲ ਕਰਵਾਉਣ ਲਈ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਅਤੇ ਇੰਜੀਨੀਅਰ ਆਈ ਟੀ ਆਈ ਮਾਨਸਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਇਨਕਲਾਬੀ ਨੌਜਵਾਨ ਸਭਾ ਪੰਜਾਬ ਇਕਾਈ ਵਲੋਂ ਰਾਜਦੀਪ ਗੇਹਲੇ ਅਤੇ ਆਇਸਾ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਖੋਖਰ ਕਲਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਨੌਜਵਾਨਾਂ ਦੇ ਲਈ ਰੁਜ਼ਗਾਰ ਨੂੰ ਖ਼ਤਮ ਕਰਨ ਲਈ ਲਿਆਂਦੀ ਗਈ ਅਗਨੀਵੀਰ ਸਕੀਮ ਨੂੰ ਲਾਗੂ ਕਰਨ ਨਾਲ ਜਿੱਥੇ ਫੌਜ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਦੀਆਂ ਤਨਖਾਹਾਂ ਅਤੇ ਹੋਰ ਸੁਵਿਧਾਵਾਂ ਵਿੱਚ ਕਟੌਤੀ ਕੀਤੀ ਗਈ ਹੈ ਉੱਥੇ ਨਾਲ ਹੀ ਉਹਨਾਂ ਨੂੰ ਕੋਈ ਪੈੱਨਸ਼ਨ ਨਹੀਂ ਦੀ ਸੁਵਿਧਾ ਨਹੀਂ ਹੈ ਅਤੇ ਇਸ ਸਕੀਮ ਤਹਿਤ ਕੇਂਦਰ ਵੱਲੋਂ ਫੌਜੀਆਂ ਲਈ ਤਨਖਾਹ ਸਿਰਫ 24000 ਰੁਪਏ ਹੀ ਨਿਸ਼ਚਿਤ ਕੀਤੀ ਗਈ ਹੈ ਅਤੇ ਟਰੇਨਿੰਗ ਵਿੱਚ ਵੀ ਕਟੌਤੀ ਕਰਕੇ 9 ਮਹੀਨਿਆਂ ਦੀ ਬਜਾਇ 4-5 ਮਹੀਨਿਆਂ ਦੀ ਸਿਖਲਾਈ ਹੀ ਦਿੱਤੀ ਜਾ ਰਹੀ ਹੈ,ਜਿਸ ਨਾਲ ਅਣ ਸਿੱਖਿਅਤ ਨੌਜਵਾਨਾਂ ਦੇ ਭਰਤੀ ਹੋਣ ਕਾਰਨ ਸ਼ਹੀਦ ਹੋਣ ਵਾਲੇ ਨੌਜਵਾਨਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਫੌਜੀ ਨੌਜਵਾਨਾਂ ਦੀਆਂ ਤਨਖਾਹਾਂ ਵਿੱਚ ਕੱਟ ਲੱਗਣ ਨਾਲ ਉਹਨਾਂ ਦਾ ਆਰਥਿਕ ਪੱਖੋਂ ਸੋਸ਼ਣ ਹੋਵੇਗਾ।ਆਗੂਆਂ ਨੇ ਮੰਗ ਕੀਤੀ ਕਿ ਰੈਗੂਲਰ 16 ਸਾਲ ਤੋਂ 40 ਸਾਲ ਵਾਲੀ ਪੱਕੀ ਭਰਤੀ ਲਾਗੂ ਕੀਤੀ ਜਾਵੇ। ਅਗਨੀਵੀਰ ਸਕੀਮ ਤਹਿਤ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਸ਼ਹੀਦ ਕਰਾਰ ਦਿੱਤਾ ਜਾਵੇ,ਬਣਦੀ ਮੁਆਵਜ਼ਾ ਰਾਸ਼ੀ ਦਿੱਤਾ ਜਾਵੇ, ਨੌਜਵਾਨਾਂ ਦੇ ਲਈ ਯੋਗਤਾ ਮੁਤਾਬਿਕ ਰੁਜ਼ਗਾਰ ਦੀ ਗਰੰਟੀ ਲਈ ਰੁਜ਼ਗਾਰ ਅਧਿਕਾਰ ਗਰੰਟੀ ਐਕਟ ਲਿਆਂਦਾ ਜਾਵੇ, ਨਵੀਂ ਸਿੱਖਿਆ ਨੀਤੀ ਵਾਪਸ ਲਈ ਜਾਵੇ, ਸਿੱਖਿਆ ਦਾ ਨਿੱਜੀਕਰਨ ਅਤੇ ਵਪਾਰੀਕਰਨ ਬੰਦ ਕੀਤਾ ਜਾਵੇ।
ਇਸ ਮੌਕੇ ਆਇਸਾ ਦੇ ਜ਼ਿਲ੍ਹਾ ਸੋਸ਼ਲ ਮੀਡੀਆ ਸਕੱਤਰ ਅਮਨਦੀਪ ਸਿੰਘ ਰਾਮਪੁਰ ਮੰਡੇਰ,ਗੁਰਦਿਆਲ ਸਿੰਘ, ਬਿਕਰਮਜੀਤ ਸਿੰਘ,ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ,ਆਕਾਸ਼ਦੀਪ ਸਿੰਘ, ਹਰਵਿੰਦਰ ਸਿੰਘ ਅਤੇ ਨਵਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ -ਵਿਦਿਆਰਥੀ ਹਾਜ਼ਰ ਸਨ।