ਮਜ਼ਦੂਰਾਂ ਦੀ ਭਲਾਈ ਲਈ ਸਕੀਮਾਂ ਤੋਂ 27 ਨੰਬਰ ਫ਼ਾਰਮ ਦੀ ਸ਼ਰਤ ਹਟਾਈ
ਮੋਹਾਲੀ ,20 ਜੁਲਾਈ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):
ਉਸਾਰੀ ਨਾਲ ਸੰਬੰਧਿਤ ਮਿਸਤਰੀਆਂ, ਮਜ਼ਦੂਰਾਂ ਦੀ ਜਥੇਬੰਦੀ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਰਜਿ: ਸਬੰਧਤ ਇਫਟੂ ਦੇ ਸੂਬਾ ਜਨਰਲ ਸਕੱਤਰ ਰਾਜ ਸਿੰਘ ਮਲੋਟ ਦੀ ਪ੍ਰਧਾਨਗੀ ਹੇਠ, ਕਿਰਤ ਵਿਭਾਗ ਦੇ ਸਕੱਤਰ ਨਾਲ ਲੇਬਰ ਭਵਨ ਮੋਹਾਲੀ ਵਿਖੇ ਮੀਟਿੰਗ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਇਫਟੂ ਦੇ ਸੂਬਾਈ ਜੋਆਇਟ ਸਕੱਤਰ ਅਵਤਾਰ ਸਿੰਘ ਤਾਰੀ ਅਤੇ ਸ਼੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ ਨੇ ਦੱਸਿਆ ਕਿ ਮੀਟਿੰਗ ਵਿੱਚ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਤੋ ਬਿਨਾਂ ਬਾਕੀ ਸਕੀਮਾਂ ਸਮੇਤ ਲਾਭਪਾਤਰੀ ਕਾਪੀਆਂ ਨੂੰ ਨਿਊ ਕਰਨ ਆਦਿ ਲਈ 27 ਨੰਬਰ ਫਾਰਮ ਦੀ ਸ਼ਰਤ ਨੂੰ ਹਟਾਇਆ ਗਿਆ, ਮਜ਼ਦੂਰਾਂ ਦੀਆਂ ਰੁਕੀਆਂ ਹੋਈਆਂ ਪੈਨਸ਼ਨਾਂ ਨੂੰ ਮੌਕੇ ਤੇ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਵਿੱਚ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਆਦਿ ਲਈ ਸੁਵਿਧਾ ਕੇਂਦਰਾਂ ਨੂੰ ਚਲਾ ਰਹੀ ਕੰਪਨੀ ਦੇ ਪ੍ਰਬੰਧਕਾਂ ਨੂੰ ਹਦਾਇਤਾਂ ਜਾਰੀ ਕਰਨ ਦਾ ਫੈਸਲਾ ਕੀਤਾ। ਮੀਟਿੰਗ ਵਿੱਚ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਸਬੰਧੀ ਆਨਲਾਈਨ ਪ੍ਰਕਿਰਿਆ ਨੂੰ ਹੋਰ ਸਰਲ ਕਰਨ ਸਹਾਇਕ ਕਿਰਤ ਕਮਿਸ਼ਨਰਾਂ ਨੂੰ ਮਜ਼ਦੂਰਾਂ ਦੇ ਰਜਿਸਟ੍ਰੇਸ਼ਨ ਸਬੰਧੀ, ਮੁਆਵਜੇ ਤੇ ਹੋਰ ਕੇਸਾਂ ਦਾ ਨਿਪਟਾਰਾ ਕਰਨ ਸਬੰਧੀ ਵਿਸ਼ੇਸ਼ ਹਦਾਇਤਾਂ ਜਾਰੀ ਕਰਨ ਦਾ ਫੈਸਲਾ ਹੋਇਆ। ਯੂਨੀਅਨ ਆਗੂਆਂ ਵੱਲੋਂ ਲੇਬਰ ਚੌਕਾਂ ਦੀ ਰਿਪੇਅਰ, ਬੈਠਣ ,ਆਰਾਮ ਕਰਨ ਤੇ ਨਵੇਂ ਲੇਬਰ ਚੌਂਕ ਬਣਾਉਣ ਸਬੰਧੀ ਲੋੜੀਂਦੇ ਫੰਡਾਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਦੀ ਮੰਗ ਕੀਤੀ ਅਤੇ ਕਿਹਾ ਕਿ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਵਿੱਚ ਸਭ ਤੋਂ ਵੱਧ ਲੇਬਰ ਵਿਭਾਗ ਦੇ ਅਧਿਕਾਰੀ ਅੜਿਕਾ ਬਣਦੇ ਹਨ। ਜਿਸ ਕਾਰਨ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਲਗਾਤਾਰ ਘਟਦੀ ਜਾ ਰਹੀ ਹੈ। ਕਿਉਂਕਿ ਕਾਪੀਆਂ ਨਿਊ ਕਰਨ ਲਈ ਵੀ ਸੁਵਿਧਾ ਕੇਂਦਰਾਂ ਤੋਂ ਲੈ ਕੇ ਲੇਬਰ ਦਫਤਰਾਂ ਵਿੱਚ ਮਜ਼ਦੂਰਾਂ ਖੱਜਲ ਖੁਆਰ ਹੋਣਾ ਪੈਂਦਾ ਹੈ। ਮੀਟਿੰਗ ਵਿੱਚ ਵਿਭਾਗ ਦੇ ਸਕੱਤਰ ਤੇ ਵਧੀਕ ਸਕੱਤਰ ਵੱਲੋਂ ਯੂਨੀਅਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਮਜ਼ਦੂਰਾਂ ਨੂੰ ਰਜਿਸਟ੍ਰੇਸ਼ਨ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ।ਮੀਟਿੰਗ ਵਿੱਚ, ਦਵਿੰਦਰ ਕੁਮਾਰ ,ਸੁਖਦੇਵ ਬਹਿਰਾਮਪੁਰ, ਜੋਗਿੰਦਰ ਪਾਲ ਗੁਰਦਾਸਪੁਰ, ਅਵਤਾਰ ਸਿੰਘ ਫਾਜ਼ਿਲਕਾ ,ਜੀਵਨ ਸਿੰਘ ਰੋਪੜ, ਆਦਿ ਆਗੂ ਹਾਜਰ ਸਨ।