ਲੁਧਿਆਣਾ, 19 ਜੁਲਾਈ,ਬੋਲੇ ਪੰਜਾਬ ਬਿਊਰੋ :
ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾ ਰਹੀ ਦਿੱਲੀ-ਪਠਾਨਕੋਟ ਐਕਸਪ੍ਰੈਸ ‘ਤੇ ਪਥਰਾਅ ਕੀਤਾ ਗਿਆ। ਇਹ ਘਟਨਾ ਲੁਧਿਆਣਾ ਅਤੇ ਖੰਨਾ ਵਿਚਕਾਰ ਦੋਰਾਹਾ ਰੇਲਵੇ ਸਟੇਸ਼ਨ ਨੇੜੇ ਵਾਪਰੀ। ਇੱਕ ਪੱਥਰ ਬੋਗੀ ਦੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਯਾਤਰੀ ਦੇ ਚਿਹਰੇ ‘ਤੇ ਲੱਗਾ, ਜਿਸ ਨਾਲ ਪਾਣੀਪਤ ਦਾ ਰਹਿਣ ਵਾਲਾ ਉਕਤ ਯਾਤਰੀ ਜ਼ਖਮੀ ਹੋ ਗਿਆ। ਜਿਸ ਨੂੰ ਸਰਹਿੰਦ ਰੇਲਵੇ ਸਟੇਸ਼ਨ ‘ਤੇ ਉਤਾਰ ਕੇ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਉਣਾ ਪਿਆ। ਜ਼ਖਮੀ ਯੁਵਰਾਜ ਸਿੰਘ ਦੇ ਦੰਦ ਟੁੱਟ ਗਏ ਹਨ ਅਤੇ ਬੁੱਲ੍ਹਾਂ ‘ਤੇ ਗੰਭੀਰ ਸੱਟਾਂ ਲੱਗੀਆਂ ਹਨ।
ਯੁਵਰਾਜ ਸਿੰਘ ਆਪਣੀ ਮਾਂ ਸੁਖਵਿੰਦਰ ਕੌਰ ਅਤੇ ਰਿਸ਼ਤੇਦਾਰ ਕਵਲਜੀਤ ਸਿੰਘ ਨਾਲ ਦਿੱਲੀ-ਪਠਾਨਕੋਟ ਐਕਸਪ੍ਰੈਸ ਵਿੱਚ ਸਫਰ ਕਰ ਰਿਹਾ ਸੀ। ਲੁਧਿਆਣਾ ਵਿੱਚ ਰੁਕਣ ਤੋਂ ਬਾਅਦ ਟਰੇਨ ਨੂੰ ਸਰਹਿੰਦ ਵਿੱਚ ਰੁਕਣਾ ਸੀ। ਜਿਵੇਂ ਹੀ ਰੇਲਗੱਡੀ ਦੋਰਾਹਾ ਰੇਲਵੇ ਸਟੇਸ਼ਨ ਨੇੜੇ ਪਹੁੰਚੀ ਤਾਂ ਬਾਹਰੋਂ ਇੱਕ ਪੱਥਰ ਯੁਵਰਾਜ ਦੇ ਮੂੰਹ ‘ਤੇ ਵੱਜਿਆ, ਜਿਸ ਨਾਲ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ। ਯੁਵਰਾਜ ਦੇ ਦੰਦ ਟੁੱਟਣ ਅਤੇ ਬੁੱਲ੍ਹਾਂ ‘ਤੇ ਗੰਭੀਰ ਸੱਟ ਲੱਗਣ ਕਾਰਨ ਉਸ ਦੇ ਰਿਸ਼ਤੇਦਾਰ ਕਵਲਜੀਤ ਸਿੰਘ ਨੇ ਰੇਲ ਗਾਰਡ ਕੋਲ ਪਹੁੰਚ ਕੀਤੀ। ਟਰੇਨ ਗਾਰਡ ਫਸਟ ਏਡ ਕਿੱਟ ਲੈ ਕੇ ਆਇਆ ਅਤੇ ਯੁਵਰਾਜ ਨੂੰ ਫਸਟ ਏਡ ਦਿੱਤੀ ਗਈ। ਜ਼ਿਆਦਾ ਖੂਨ ਵਹਿਣ ਕਾਰਨ ਯੁਵਰਾਜ ਨੂੰ ਸਰਹਿੰਦ ਰੇਲਵੇ ਸਟੇਸ਼ਨ ‘ਤੇ ਉਤਾਰ ਕੇ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ। ਯੁਵਰਾਜ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਉੱਥੋਂ ਰੈਫਰ ਕਰ ਦਿੱਤਾ ਗਿਆ।
ਇਸ ਸਬੰਧੀ ਜੀ. ਆਰ. ਪੀ., ਚੌਕੀ ਖੰਨਾ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਪੁੱਜੇ। ਉੱਥੇ ਜ਼ਖਮੀ ਯੁਵਰਾਜ ਬੋਲਣ ਦੀ ਹਾਲਤ ‘ਚ ਨਹੀਂ ਸੀ। ਯੁਵਰਾਜ ਦੇ ਰਿਸ਼ਤੇਦਾਰ ਕਵਲਜੀਤ ਸਿੰਘ ਦੇ ਬਿਆਨ ਦਰਜ ਕੀਤੇ ਗਏ। ਰੇਲਵੇ ਐਕਟ ਦੀ ਧਾਰਾ 152 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਦੋਰਾਹਾ ‘ਚ ਮੌਕੇ ‘ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕੀਤੀ।