ਬਠਿੰਡਾ, 18 ਜੁਲਾਈ, ਬੋਲੇ ਪੰਜਾਬ ਬਿਊਰੋ :
ਪੁਲਸ ਨੇ ਕਾਰੋਬਾਰੀਆਂ ਤੋਂ ਫੋਨ ‘ਤੇ ਫਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।ਜਾਣਕਾਰੀ ਦਿੰਦਿਆਂ ਦੀਪਕ ਪਾਰੀਕ ਆਈ.ਪੀ.ਐੱਸ.ਐੱਸ.ਪੀ ਬਠਿੰਡਾ ਨੇ ਦੱਸਿਆ ਕਿ 14 ਜੁਲਾਈ ਨੂੰ ਕਿਸੇ ਅਣਪਛਾਤੇ ਵਿਅਕਤੀ ਨੂੰ ਧਮਕੀ ਭਰੀ ਕਾਲ ਆਈ ਅਤੇ ਉਸ ਕੋਲੋਂ 30 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ। ਜੇਕਰ ਉਸ ਨੇ ਫਿਰੌਤੀ ਨਾ ਦਿੱਤੀ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕਹੀ ਗਈ। ਸ਼ਿਕਾਇਤਕਰਤਾ ਨੇ ਇਸ ਦੀ ਸੂਚਨਾ ਤੁਰੰਤ ਬਠਿੰਡਾ ਪੁਲੀਸ ਨੂੰ ਦਿੱਤੀ।
ਇਸ ਤੋਂ ਬਾਅਦ ਬਠਿੰਡਾ ਸ਼ਹਿਰ ਦੇ ਰਹਿਣ ਵਾਲੇ ਇੱਕ ਹੋਰ ਵਿਅਕਤੀ ਨੂੰ ਧਮਕੀ ਭਰਿਆ ਫੋਨ ਆਇਆ, ਜਿਸ ਤੋਂ 10 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਅਤੇ ਅਜਿਹਾ ਨਾ ਕਰਨ ‘ਤੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਵੀ ਦਿੱਤੀ ਗਈ।
ਇਸ ਸਬੰਧੀ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਕੋਤਵਾਲੀ ਵਿਖੇ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਨੰਬਰ 87 ਮਿਤੀ 14.7.2024 ਅ/ਧ 308(4), 351(3) ਬੀ.ਐਨ.ਐਸ. ਦਰਜ ਕਰਕੇ ਮਾਮਲੇ ਦੀ ਤਕਨੀਕੀ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਗਈ।
ਜਾਂਚ ਦੌਰਾਨ ਦੋਵਾਂ ਵਿਅਕਤੀਆਂ ਨੂੰ ਜਿਸ ਮੋਬਾਈਲ ਨੰਬਰ ਤੋਂ ਫਿਰੌਤੀ ਦੀ ਧਮਕੀ ਭਰੀ ਕਾਲ ਆਈ ਸੀ, ਉਹ ਇੱਕ ਹੀ ਮੋਬਾਈਲ ਨੰਬਰ ਤੋਂ ਕੀਤੀ ਗਈ ਸੀ। ਇਹ ਧਮਕੀ ਭਰੀ ਕਾਲ ਵਿਨੈ ਕੁਮਾਰ ਪੁੱਤਰ ਮੁਰਾਰੀ ਵਾਸੀ ਨਾਮਦੇਵ ਨਗਰ ਬਠਿੰਡਾ ਨੇ ਕੀਤੀ ਸੀ। ਸੰਤਪੁਰਾ ਰੋਡ ਫਲਾਈਓਵਰ ਬ੍ਰਿਜ ਦੇ ਹੇਠਾਂ ਟੈਕਸੀ ਯੂਨੀਅਨ ਸਟੈਂਡ ਤੋਂ ਵਿਨੈ ਕੁਮਾਰ ਨੂੰ ਫਿਰੌਤੀ ਦੀਆਂ ਕਾਲਾਂ ਕਰਨ ਲਈ ਵਰਤੇ ਗਏ ਮੋਬਾਈਲ ਫੋਨ ਸਮੇਤ ਕਾਬੂ ਕੀਤਾ ਗਿਆ। ਉਕਤ ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਲਿਆ ਗਿਆ ਹੈ। ਪੁੱਛਗਿੱਛ ਕੀਤੀ ਜਾ ਰਹੀ ਹੈ।