ਲੁਧਿਆਣਾ, 18 ਜੁਲਾਈ ,ਬੋਲੇ ਪੰਜਾਬ ਬਿਊਰੋ :
ਲੁਧਿਆਣਾ ਦੇ ਮੁੰਡੀਆਂ 33 ਫੁੱਟਾ ਰੋਡ ‘ਤੇ ਬੁੱਧਵਾਰ ਦੇਰ ਰਾਤ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਵਾਲੀ ਥਾਂ ‘ਤੇ ਦੋ ਗੋਲੀਆਂ ਚਲਾਈਆਂ ਗਈਆਂ ਅਤੇ ਇਕ ਗੋਲੀ ਘਟਨਾ ਵਾਲੀ ਥਾਂ ਤੋਂ ਪੁਲਿਸ ਨੇ ਇਲਾਕੇ ਦੀ ਇਕ ਔਰਤ ਕੋਲੋਂ ਬਰਾਮਦ ਕੀਤੀ ਹੈ। ਥਾਣਾ ਜਮਾਲਪੁਰ ਦੀ ਪੁਲੀਸ ਦੇਰ ਰਾਤ ਤੱਕ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਇਕੱਠੀ ਕਰਨ ਵਿੱਚ ਲੱਗੀ ਰਹੀ। ਪਤਾ ਲੱਗਾ ਹੈ ਕਿ ਜੇਲ ਤੋਂ ਜ਼ਮਾਨਤ ‘ਤੇ ਬਾਹਰ ਆਏ ਇਕ ਨੌਜਵਾਨ ਨੇ ਗੋਲੀ ਚਲਾਈ।
ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀ ਸੁਮਨ ਨੇ ਪੁਲਸ ਨੂੰ ਦੱਸਿਆ ਕਿ ਮੋਟਰਸਾਈਕਲ ਅਤੇ ਐਕਟਿਵਾ ਦੀ ਟੱਕਰ ਤੋਂ ਬਾਅਦ ਦੋਹਾਂ ਚਾਲਕਾਂ ‘ਚ ਝਗੜਾ ਹੋ ਗਿਆ। ਜਿਸ ਤੋਂ ਬਾਅਦ ਐਕਟਿਵਾ ਸਵਾਰ ਨੌਜਵਾਨ ਨੇ ਸੜਕ ‘ਤੇ ਹੀ ਮੋਟਰਸਾਈਕਲ ਸਵਾਰ ਨੂੰ ਥੱਪੜ ਮਾਰ ਦਿੱਤਾ। ਐਕਟਿਵਾ ਸਵਾਰ ਨੇ ਪਿਸਤੌਲ ਕੱਢ ਕੇ ਦੋ ਗੋਲੀਆਂ ਚਲਾਈਆਂ। ਹਾਲਾਂਕਿ ਗੋਲੀ ਕਿਸੇ ਨੂੰ ਨਹੀਂ ਲੱਗੀ। ਇਕ ਨੌਜਵਾਨ ਰਾਹਗੀਰ ਨੇ ਦੱਸਿਆ ਕਿ ਗੋਲੀ ਚਲਾਉਣ ਵਾਲਾ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਹੈ।
ਔਰਤ ਸੁਮਨ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਰਾਤ ਨੂੰ ਘਰ ਦੇ ਬਾਹਰ ਬੈਠੀ ਸੀ। ਐਕਟਿਵਾ ਸਵਾਰ ਨੌਜਵਾਨਾਂ ਨੇ ਦੋ ਗੋਲੀਆਂ ਚਲਾਈਆਂ। ਫਾਇਰਿੰਗ ਤੋਂ ਬਾਅਦ ਦੋਵੇਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਗੋਲੀਬਾਰੀ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਔਰਤ ਨੇ ਮੌਕੇ ਤੋਂ ਇੱਕ ਜਿੰਦਾ ਕਾਰਤੂਸ ਵੀ ਬਰਾਮਦ ਕੀਤਾ ਹੈ। ਜਿਸ ਨੂੰ ਬਾਅਦ ਵਿੱਚ ਉਸ ਨੇ ਥਾਣਾ ਜਮਾਲਪੁਰ ਦੇ ਹਵਾਲੇ ਕਰ ਦਿੱਤਾ। ਪੁਲੀਸ ਨੇ ਘਟਨਾ ਵਾਲੀ ਥਾਂ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਫੁਟੇਜ ਨੂੰ ਸਕੈਨ ਕਰਨਾ ਸ਼ੁਰੂ ਕਰ ਦਿੱਤਾ ਹੈ।