ਅੰਮ੍ਰਿਤਸਰ 17 ਜੁਲਾਈ ,ਬੋਲੇ ਪੰਜਾਬ ਬਿਊਰੋ :
ਨਾਮਧਾਰੀਆਂ ਦੇ ਇਕ ਵਫਦ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਪੰਥ ਰਤਨ ਦਾ ਖਿਤਾਬ ਦੇ ਕੇ ਨਿਵਾਜਿਆ ਜਾਵੇ। ਅੱਜ ਆਪਣੇ ਵਰਤਮਾਨ ਮੁਖੀ ਠਾਕੁਰ ਦਲੀਪ ਸਿੰਘ ਦੇ ਆਦੇਸ਼ ਅਨੁਸਾਰ; ਅਕਾਲ ਤਖਤ ਸਾਹਿਬ ਪਹੰੁਚੇ ਨਾਮਧਾਰੀਆਂ ਨੇ ਜਥੇਦਾਰ ਨੂੰ ਕਿਹਾ ਕਿ “ਸਿੱਖ ਪੰਥ ਦੀ ਸ਼ਾਨ, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ, ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ‘ਪੰਥ ਰਤਨ’ ਨਾਲ ਸਨਮਾਨਿਤ ਕੀਤਾ ਜਾਵੇ। ਡਾਕਟਰ ਮਨਮੋਹਨ ਸਿੰਘ ਦੇ ਦਸ ਸਾਲ ਵਾਸਤੇ ਭਾਰਤ ਦੇ ਪ੍ਰਧਾਨ ਮੰਤਰੀ ਪਦ ਉੱਤੇ ਸੁਸ਼ੋਭਿਤ ਹੋਣ ਕਾਰਣ; ਸਿੱਖ ਪੰਥ ਦੀ ਸ਼ਾਨ, ਸੰਸਾਰ ਭਰ ਵਿੱਚ ਵਧੀ ਹੈ। ਉਨਾਂ ਦੇ ਕਾਰਜਕਾਲ ਵਿਚ ਭਾਰਤ ਦਾ ਪ੍ਰਧਾਨ ਮੰਤਰੀ= ਸਿੱਖ, ਪ੍ਰਧਾਨ ਸੈਨਾਪਤੀ ਸਿੱਖ, ਮੰਤਰੀ= ਸਿੱਖ, ਯੋਜਨਾ ਕਮਿਸ਼ਨ ਦੇ ਉਪ ਚੇਅਰਮੈਨ ਸਿੱਖ, “ਕੇਸਾਧਾਰੀ ਸਿੱਖ”; ਭਾਰਤ ਸਰਕਾਰ ਦੀਆਂ ਬਹੁਤ ਸਾਰੀਆਂ ਉੱਚ ਪਦਵੀਆਂ ਉੱਤੇ ਬਿਰਾਜਮਾਨ ਹੋਏ।ਪੱਤਰ ਵਿਚ ਅਗੇ ਕਿਹਾ ਕਿ ਬਿਰਧ ਹੋਣ ਕਾਰਣ, ਡਾਕਟਰ ਮਨਮੋਹਨ ਸਿੰਘ ਦੀ ਸਿਹਤ ਢਿੱਲੀ ਰਹਿੰਦੀ ਹੈ। ਇਸ ਕਰਕੇ, ਸਾਡੀ ਬੇਨਤੀ ਪ੍ਰਵਾਨ ਕਰਕੇ ਅਤੇ ਕਿਰਪਾ ਕਰਕੇ ਡਾਕਟਰ ਮਨਮੋਹਨ ਸਿੰਘ ਨੂੰ ਛੇਤੀ ਤੋਂ ਛੇਤੀ ‘ਪੰਥ ਰਤਨ’ ਦੇ ਕੇ ਨਿਵਾਜੋ”।
ਉਹਨਾਂ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਮੰਤਰੀ ਵੱਜੋ, ਕਾਂਗਰਸ ਦੇ ਹੀ ਕੀਤੇ ਅਤਿਆਚਾਰਾਂ ਦੀ ਖਿਮਾ ਮੰਗਣੀ: ਕਾਂਗਰਸ ਪਾਰਟੀ ਦੇ ਮੂੰਹ ਉੱਤੇ ਇੱਕ ਵੱਡੀ ਚਪੇੜ ਹੈ ਅਤੇ ਵੱਡੀ ਬੇਇਜ਼ਤੀ ਹੈ। ਕਾਂਗਰਸ ਦੇ ਪ੍ਰਧਾਨ ਮੰਤਰੀ ਵੱਜੋਂ, ਕਾਂਗਰਸ ਦੀ ਹੀ ਬੇਇਜਤੀ ਕਰਨ ਵਾਲਾ ਐਸਾ ਉੱਤਮ ਕਾਰਜ: ਕੇਵਲ ਡਾਕਟਰ ਮਨਮੋਹਨ ਸਿੰਘ ਵਰਗਾ ਇੱਕ ਨਿਡੱਰ, ਮਹਾਨ ਸਿੱਖ ਯੋਧਾ ਹੀ ਕਰ ਸਕਦਾ ਹੈ। ਸਿੱਖ ਪੰਥ ਤੋਂ ਰੋ ਕੇ ਖਿਮਾ ਮੰਗਣ ਲੱਗਿਆਂ, ਉਨਾਂ ਆਪਣੀ ‘ਪ੍ਰਧਾਨ ਮੰਤਰੀ’ ਦੀ ਪਦਵੀ ਖੁਸਣ ਦੀ ਵੀ ਪਰਵਾਹ ਨਹੀਂ ਕੀਤੀ।ਇਸ ਮੌਕੇ ਉੱਤੇ ਸੂਬਾ ਅਮਰੀਕ ਸਿੰਘ, ਸੰਤ ਸਾਹਿਬ ਸਿੰਘ, ਬੀਬੀ ਭੁਪਿੰਦਰ ਕੌਰ, ਸਿਮਰਨਜੀਤ ਕੌਰ, ਮਨਦੀਪ ਕੌਰ, ਪਰਮਜੀਤ ਕੌਰ, ਅਰਵਿੰਦਰ ਸਿੰਘ, ਨਵਤੇਜ ਸਿੰਘ, ਲਾਲ ਸਿੰਘ ਗੁਰਸ਼ਰਨ ਸਿੰਘ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਵੀ ਹਾਜਰ ਸਨ।