ਅਟਾਰੀ, 13 ਜੁਲਾਈ, ਬੋਲੇ ਪੰਜਾਬ ਬਿਊਰੋ :
ਜ਼ਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲਿਸ ਥਾਣਾ ਘਰਿੰਡਾ ਦੇ ਐਸ.ਐਚ.ਓ. ਕਰਮਪਾਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਅੱਡਾ ਪਿੰਡ ਰਾਜਾਤਾਲ ਵਿਖੇ ਸਪੈਸ਼ਲ ਨਾਕੇਬੰਦੀ ਕੀਤੀ ਹੋਈ ਸੀ। ਮੁਖਬਰ ਖਾਸ ਵਲੋਂ ਇਤਲਾਹ ਦਿੱਤੀ ਗਈ ਕਿ ਗੱਡੀ ਨੰਬਰ ਪੀਬੀ 03 ਏ ਡਬਲਯੂ 3890 ਇਨੋਵਾ ਕਾਰ ਵਿਚ ਸਵਾਰ ਹੋ ਕੇ 2 ਵਿਅਕਤੀ ਤਰਨਤਾਰਨ ਤੋਂ ਰਾਜਾਤਾਲ ਅਟਾਰੀ ਨੂੰ ਆ ਰਹੇ ਹਨ। ਇਹ ਆਪਣੇ ਗਾਹਕਾਂ ਨੂੰ ਆਈਸ, ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥ ਸਪਲਾਈ ਕਰਦੇ ਹਨ। ਪੁਲਿਸ ਨੇ ਉਕਤ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਰਵਿੰਦਰ ਸਿੰਘ ਪੁੱਤਰ ਬਾਜ ਸਿੰਘ ਅਤੇ ਧਰਮਪ੍ਰੀਤ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਢੋਲਣ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਪਾਸੋਂ ਇਕ ਕਿਲੋ ਆਈਸ ਬਰਾਮਦ ਹੋਈ। ਦੋਵਾਂ ਖਿਲਾਫ ਪੁਲਿਸ ਥਾਣਾ ਘਰਿੰਡਾ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।