ਪੰਜਾਬੀ ਆਰਟਸ ਐਸੋਸੀਏਸ਼ਨ, ਟੋਰਾਂਟੋ ਨੇ ਸਿਫਤ ਕੀਤੀ
ਬਰੈਂਪਟਨ, ਕੈਨੇਡਾ ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ,) :
ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਲੇਖਕ, ਸਾਹਿਤਕਾਰ, ਪੱਤਰਕਾਰ , ਲੋਕ ਗਾਇਕ, ਫ਼ਿਲਮੀ ਸਿਤਾਰਿਆਂ ਅਤੇ ਆਰਟ ਦੇ ਖੇਤਰਾਂ ਵਿੱਚ ਵਧੀਆ ਨਿਰੰਤਰ ਸੇਵਾਵਾਂ ਨਿਭਾਉਣ ਵਾਲਿਆਂ ਨੂੰ ਸਮੇਂ ਸਮੇਂ ਤੇ ਸਨਮਾਨਿਤ ਕਰਕੇ ਹੌਂਸਲਾ ਅਫਜ਼ਾਈ ਕਰਨ ਵਾਲੀ ਬਰੈਂਪਟਨ (ਕੈਨੇਡਾ) ਦੀ ਸੰਸਥਾ ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ ਗਰੇਟਰ ਟੋਰਾਂਟੋ ਮੌਰਗੇਜਜ ਆਫ਼ਿਸ ਵਿਖੇ ਕੈਨੇਡਾ ਵਿਖੇ ਪਹੁੰਚੇ ਹੋਏ ਉੱਘੇ ਵਿਅੰਗਕਾਰ ਅਤੇ ਫ਼ਿਲਮੀ ਲੇਖ਼ਕ ਡਾ ਸਾਧੂ ਰਾਮ ਲੰਗੇਆਣਾ ਨਾਲ ਬਰੈਂਪਟਨ ਵਿਖੇ ਸਾਹਿਤਕ ਮਿਲਣੀ ਦੌਰਾਨ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਸੰਸਥਾ ਦੇ ਨੁਮਾਇੰਦੇ ਬਲਜਿੰਦਰ ਸਿੰਘ ਲੇਲਣਾ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਆਖਦਿਆਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਸੰਸਥਾ ਦੀਆਂ ਸੇਵਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਪਰੰਤ ਡਾ ਸਾਧੂ ਰਾਮ ਲੰਗੇਆਣਾ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਸਾਹਿਤ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਵੱਖ ਵੱਖ ਵਿਸ਼ਿਆਂ ਉੱਪਰ ਅੱਠ ਕਿਤਾਬਾਂ ਲੋਕ ਕਚਹਿਰੀ ਵਿੱਚ ਸਨਮੁੱਖ ਹੋ ਚੁੱਕੀਆਂ ਹਨ ਅਤੇ ਇੱਕ ਤਰਕਸ਼ੀਲ ਵਿਸ਼ੇ ਨਾਲ ਸਬੰਧਤ ਨਾਵਲ ਪ੍ਰਕਾਸ਼ਨ ਅਧੀਨ ਹੈ ਅਤੇ ਅੱਗੇ 6 ਪੁਸਤਕਾਂ ਦਾ ਖਰੜਾ ਤਿਆਰ ਪਿਆ ਹੈ। ਇਸ ਤੋਂ ਇਲਾਵਾ ਅਨੇਕਾਂ ਸਮਾਜਿਕ ਅਤੇ ਕਾਮੇਡੀ ਫੀਚਰ ਫਿਲਮਾਂ ਅਤੇ ਨਾਮਵਰ ਕਲਾਕਾਰਾਂ ਦੀਆਂ ਅਵਾਜ਼ਾਂ ਵਿਚ ਕਾਫ਼ੀ ਗੀਤ ਰਿਕਾਰਡ ਹੋ ਚੁੱਕੇ ਹਨ ਅਤੇ ਉਹ ਪੰਜਾਬੀ ਦੇ ਨਾਮਵਰ ਅਖ਼ਬਾਰਾਂ ਵਿੱਚ ਬਤੌਰ ਪੱਤਰਕਾਰ ਵਜੋਂ 25 ਸਾਲਾਂ ਤੋਂ ਸੇਵਾਵਾਂ ਅਦਾ ਕਰਦੇ ਆ ਰਹੇ ਹਨ ਅਤੇ ਉਹ ਪਿਛਲੇ ਲੰਬੇ ਸਮੇਂ ਤੋਂ ਸਾਹਿਤ ਸਭਾ ਰਜਿ ਬਾਘਾਪੁਰਾਣਾ ਨਾਲ ਜੁੜੇ ਹੋਏ ਹਨ।ਉਨ੍ਹਾਂ ਨੂੰ ਸਾਹਿਤ ਲਿਖ਼ਣ ਦੀ ਚੇਟਕ ਆਪਣੇ ਖ਼ੂਨ ਦੇ ਰਿਸ਼ਤੇ ਚੋਂ ਹੀ ਮਿਲੀ ਹੈ ਕਿ ਉਨ੍ਹਾਂ ਦੇ ਦਾਦਾ ਪੰਡਿਤ ਰਾਮ ਜੀ ਚੰਨਣ ਇੱਕ ਬਹੁਤ ਵਧੀਆ ਕਿੱਸਾਕਾਰ ਅਤੇ ਕਵਿਸ਼ਰ ਸਨ ਅਤੇ ਸਵਰਗੀ ਪਿਤਾ ਵੈਦ ਕੰਸ ਰਾਮ ਸ਼ਰਮਾਂ ਵੀ ਸਾਹਿਤਕਾਰ ਸਨ। ਇਨ੍ਹਾਂ ਤੋਂ ਇਲਾਵਾ ਹੁਣ ਉਨ੍ਹਾਂ ਦੇ ਦੋਵੇਂ ਬੇਟੇ ਨਵਦੀਪ ਸ਼ਰਮਾਂ, ਅਰਸ਼ਦੀਪ ਸ਼ਰਮਾਂ ਵੀ ਪੰਜਾਬੀ ਮਾਂ ਬੋਲੀ ਦੀ ਨਿਰੰਤਰ ਸੇਵਾ ਕਰਦੇ ਹੋਏ ਸਾਹਿਤ ਨਾਲ ਜੁੜੇ ਹੋਏ ਹਨ। ਇਸ ਮੌਕੇ ਉਨ੍ਹਾਂ ਵੱਲੋਂ ਆਪਣੀ ਪੁਸਤਕ ਵੀ ਸੰਸਥਾ ਨੂੰ ਭੇਂਟ ਕੀਤੀ ਗਈ। ਉਪਰੰਤ ਸੰਸਥਾ ਦੇ ਨੁਮਾਇੰਦੇ ਬਲਜਿੰਦਰ ਸਿੰਘ ਲੇਲਣਾ, ਜੈਪਾਲ ਸਿੱਧੂ, ਜਸਪਾਲ ਗਰੇਵਾਲ,ਸਨੀ ਗਰੇਵਾਲ ਵੱਲੋਂ ਉਨ੍ਹਾਂ ਦੀਆਂ ਵਧੀਆ ਸਾਹਿਤਕ ਸਰਗਰਮੀਆਂ ਬਦੌਲਤ ਸਨਮਾਨ ਪੱਤਰ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ। ਇਸ ਮੌਕੇ ਡਾ ਸਾਧੂ ਰਾਮ ਲੰਗੇਆਣਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੀਲਮ ਰਾਣੀ ਸ਼ਰਮਾਂ,ਮਨਪ੍ਰੀਤ ਸ਼ਰਮਾਂ, ਗੋਲਡੀ ਸ਼ਰਮਾਂ, ਨਵਦੀਪ ਸ਼ਰਮਾਂ ਵੱਲੋਂ ਸੰਸਥਾ ਦੇ ਮੁਖੀ ਬਲਜਿੰਦਰ ਸਿੰਘ ਲੇਲਣਾ ਅਤੇ ਬਾਕੀ ਸਮੂਹ ਟੀਮ ਦਾ ਤਹਿ ਦਿਲੋਂ ਸ਼ੁਕਰਾਨਾ ਕੀਤਾ ਗਿਆ ਹੈ।