ਲੁਧਿਆਣਾ, 9 ਜੁਲਾਈ, ਬੋਲੇ ਪੰਜਾਬ ਬਿਊਰੋ :
ਨਗਰ ਨਿਗਮ ਵਿੱਚ ਫਰਜ਼ੀ ਤਰੀਕਿਆਂ ਨਾਲ ਡਿਗਰੀਆਂ ਹਾਸਲ ਕਰਨ ਵਾਲੇ 5 ਬਿਲਡਿੰਗ ਇੰਸਪੈਕਟਰਾਂ ’ਤੇ ਡੀਮੋਸ਼ਨ ਦੀ ਤਲਵਾਰ ਲਟਕ ਰਹੀ ਹੈ। ਇਸ ਮਾਮਲੇ ਵਿੱਚ ਲੋਕਲ ਬਾਡੀ ਵਿਭਾਗ ਨੇ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਹਾਸਲ ਕੀਤੇ ਤਕਨੀਕੀ ਯੋਗਤਾ ਦੇ ਸਰਟੀਫਿਕੇਟਾਂ ਦੀ ਤਸਦੀਕ ਕਰਨ ਦਾ ਫੈਸਲਾ ਕੀਤਾ ਹੈ।
ਇਨ੍ਹਾਂ ‘ਚ ਜੇ.ਈ., ਓ.ਐਂਡ.ਐੱਮ. ਸੈੱਲ, ਬੀ.ਐਂਡ.ਆਰ. ਸ਼ਾਖਾ ਦੇ ਐੱਸ.ਡੀ.ਓਜ਼ ਤੋਂ ਇਲਾਵਾ ਕਈ ਏ.ਟੀ.ਪੀਜ਼ ਅਤੇ ਬਿਲਡਿੰਗ ਇੰਸਪੈਕਟਰ ਸ਼ਾਮਲ ਹਨ, ਜਿਨ੍ਹਾਂ ਨੇ ਭਰਤੀ ਕਰਨ ਤੋਂ ਬਾਅਦ ਜਾਅਲੀ ਤਕਨੀਕੀ ਯੋਗਤਾ ਦੀਆਂ ਡਿਗਰੀਆਂ ਦੇ ਆਧਾਰ ‘ਤੇ ਤਰੱਕੀ ਲਈ ਹੈ।
ਇਸ ਸਬੰਧੀ ਮੁੱਖ ਚੌਕਸੀ ਅਫ਼ਸਰ ਵੱਲੋਂ ਜਾਰੀ ਸਰਕੂਲਰ ਦੇ ਆਧਾਰ ’ਤੇ ਐਮਟੀਪੀ ਰਜਨੀਸ਼ ਵਧਵਾ ਵੱਲੋਂ 5 ਬਿਲਡਿੰਗ ਇੰਸਪੈਕਟਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਜੋ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਸਰਟੀਫਿਕੇਟ ਦੀ ਅਸਲ ਕਾਪੀ ਨਹੀਂ ਦੇ ਰਹੇ। ਇਸ ਸਬੰਧੀ ਤਕਨੀਕੀ ਯੋਗਤਾ ਦੀ ਡਿਗਰੀ ਦੇ ਸਰਟੀਫਿਕੇਟ ਦੀ ਅਸਲ ਕਾਪੀ ਨਾ ਦੇਣ ‘ਤੇ ਉਕਤ ਬਿਲਡਿੰਗ ਇੰਸਪੈਕਟਰਾਂ ਵਿਰੁੱਧ ਕਾਰਵਾਈ ਕਰਨ ਲਈ ਸਰਕਾਰ ਨੂੰ ਰਿਪੋਰਟ ਭੇਜਣ ਦੀ ਚਿਤਾਵਨੀ ਦਿੱਤੀ ਗਈ ਹੈ।