ਬਾਲ ਮੁਕੰਦ ਸ਼ਰਮਾ ਮੁੱਖ ਮਹਿਮਾਨ ਰਹੇ
ਸ਼ਹੀਦੇ ਆਜ਼ਮ ਭਗਤ ਸਿੰਘ ਦੇ ਭਾਣਜੇ ਹਕੂਮਤ ਸਿੰਘ ਮੱਲੀ ਦਾ ਸਨਮਾਨ ਹੋਇਆ
ਕੈਨੇਡਾ 7 ਜੁਲਾਈ ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ) :
ਉਨਟਾਰੀਓ ਫਰੈਂਡ ਕਲੱਬ, ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਅਤੇ ਜਗਤ ਪੰਜਾਬੀ ਸਭਾ ਬਰੈਂਪਟਨ ਦੀ 10 ਵੀਂ ਵਰਲਡ ਪੰਜਾਬੀ ਕਾਨਫ਼ਰੰਸ ਦੌਰਾਨ ਓਐੱਫਸੀ ਦੇ ਪ੍ਰਧਾਨ ਸੰਤੋਖ ਸਿੰਘ ਸੰਧੂ ਨੇ ਕਾਨਫਰੰਸ ਦੇ ਨਿਯਮਾਂ ਤੋਂ ਜਾਣੂ ਕਰਵਾਇਆ। ਅਕਾਦਮਿਕ ਸੈਸ਼ਨ ਦੇ ਸੰਚਾਲਕ ਪਿਆਰਾ ਸਿੰਘ ਕੁੱਦੋਵਾਲ ਰਹੇ। ਧਰਮ ਸਿੰਘ ਗੁਰਾਇਆ ਨੇ ਲੋਕ ਨਾਇਕ ਦੁੱਲਾ ਭੱਟੀ, ਸੰਤੋਖ ਸਿੰਘ ਜੱਸੀ ਨੇ ਪੰਜਾਬੀ ਭਾਸ਼ਾ ਦਾ ਭਵਿੱਖ, ਅਫਜ਼ਲ ਰਾਜ ਨੇ ਪੰਜਾਬੀ ਭਾਸ਼ਾ ਦੀ ਅੰਤਰਰਾਸ਼ਟਰੀ ਪੱਧਰ ਤੇ ਸਥਿਤੀ ਤੇ ਭਵਿੱਖ, ਅਮਰਜੀਤ ਸਿੰਘ ਚਹਿਲ ਨੇ ਪੰਜਾਬੀ ਭਾਸ਼ਾ ਦਾ ਇਤਿਹਾਸਿਕ ਪਿਛੋਕੜ, ਭੱਵਿਖ ਅਤੇ ਪਿਆਰਾ ਸਿੰਘ ਕੁੱਦੋਵਾਲ ਨੇ ਲੋਕ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਆਪਣੇ ਖੋਜ ਪੱਤਰ ਪੇਸ਼ ਕੀਤੇ।
ਦੂਜੇ ਅਕਾਦਮਿਕ ਸੈਸ਼ਨ ਦੇ ਸੰਚਾਲਕ ਡਾ. ਸੰਤੋਖ ਸਿੰਘ ਸੰਧੂ ਰਹੇ ਜਿਸ ‘ਚ ਸੁਖਵਿੰਦਰ ਸਿੰਘ ਅਰੋੜਾ ਤੇ ਡਾ. ਇਕਬਾਲ ਸ਼ਾਹਿਦ ਨੇ ਵਰਲਡ ਪੰਜਾਬੀ ਕਾਨਫ਼ਰੰਸਾਂ ਦੇ ਇਤਿਹਾਸ ਦੀ ਗੱਲ ਕਰਦਿਆਂ ਸ੍ਰ. ਅਜੈਬ ਸਿੰਘ ਚੱਠਾ ਦੀ ਯੋਗ ਅਯੋਜਕ ਵਜੋਂ ਪ੍ਰਸ਼ੰਸਾ ਕੀਤੀ। ਪੰਜਾਬੀ ਨਾਇਕਾਂ ‘ਚ ਬਾਬਾ ਬੁੱਲੇ ਸ਼ਾਹ, ਮੁਹੰਮਦ ਸਾਈ ਬਖਸ਼, ਅੰਮ੍ਰਿਤਾ ਪ੍ਰੀਤਮ, ਅਬਦੁੱਲਾ ਸਾਬ੍ਹ, ਫਾਰੂਕ ਲੋਧੀ ਤੇ ਰਿਆਜ਼ ਨੂੰ ਪੰਜਾਬੀ ਨਾਇਕਾਂ ਵਜੋਂ ਪਰਿਭਾਸ਼ਿਤ ਹੋਏ। ਗੁਰਰਾਜ ਸਿੰਘ ਚਹਿਲ ਨੇ ਨੌਜਵਾਨ ਪੀੜੀ ਨੂੰ ਨਾਕਾਰਾਤਮਿਕ ਗੀਤਾਂ ਤੋਂ ਬਚਾਉਣ ਅਤੇ ਆਦਰਸ਼ ਨਾਇਕਾਂ ਬਾਰੇ ਜਾਣੂ ਕਰਵਾਉਣ ਦਾ ਹੰਬਲਾ ਮਾਰਨ ਦੀ ਗੱਲ ਕੀਤੀ। ਜਗਵਿੰਦਰ ਸਿੰਘ ਸਿੱਧੂ ਵੱਲੋਂ ਵੈਨਕੂਵਰ ਵਿੱਚ ਪੰਜਾਬੀ ਭਾਸ਼ਾ ਨੂੰ ਪ੍ਰਮਾਣਿਤ ਭਾਸ਼ਾ ਦਾ ਦਰਜਾ ਦਿਵਾਉਣ ਅਤੇ ਨੌਜਵਾਨ ਪੀੜੀਊ ਵੱਲੋਂ ਪੰਜਾਬੀ ਭਾਸ਼ਾ ਪ੍ਰਤੀ ਨਜ਼ਰੀਏ ਨੂੰ ਦ੍ਰਿਸ਼ਟੀ ਬਿੰਦੂ ‘ਤੇ ਕੇਂਦਰਿਤ ਕੀਤਾ। ਜਸਬੀਰ ਕੌਰ ਗਰੇਵਾਲ ਨੇ ਪੰਜਾਬੀ ਭਾਸ਼ਾ ਦਾ ਭਵਿੱਖ ਦੀ ਗੱਲ ਕਰਦਿਆਂ ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਨੂੰ ਸੰਭਾਲਣ ਦੀ ਲੋੜ ‘ਤੇ ਜ਼ੋਰ ਦਿੱਤਾ। ਆਸਾ ਸਿੰਘ ਘੁੰਮਣ ਨੇ ਪੰਜਾਬੀ ਨਾਇਕ ਦੀ ਗੱਲ ਕਰਦਿਆਂ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਵਾਤਾਵਰਨ ਦੇ ਨਾਇਕ ਵਜੋਂ ਉਨ੍ਹਾਂ ਦੇ ਪਾਏ ਸਮਾਜਿਕ ਤੇ ਵਾਤਾਵਰਨ ਯੋਗਦਾਨਾਂ ਦੀ ਚਰਚਾ ਕੀਤੀ ।
ਤੀਜੇ ਅਕਾਦਮਿਕ ਸੈਸ਼ਨ ਦੇ ਸੰਚਾਲਕ ਤਾਹਿਰ ਅਸਲਮ ਗੋਰਾ ਰਹੇ। ਉਨ੍ਹਾਂ ਆਖਿਆ ਕਿ ਪੰਜਾਬੀ ਵਿਰਾਸਤ ‘ਚ ਸਿਰਫ਼ ਨਾਇਕ ਹੀ ਨਹੀਂ ਬਲਕਿ ਨਾਇਕਾਵਾਂ ਦਾ ਵੀ ਅਹਿਮ ਯੋਗਦਾਨ ਰਿਹਾ ਹੈ। ਸਹਿਜ ਕੌਰ ਨੇ ਸਿੱਖ ਨਾਇਕਾਵਾਂ ਵਿੱਚ ਮਾਈ ਭਾਗੋ ਦੀ ਵਿਲੱਖਣ ਸ਼ਖਸ਼ੀਅਤ ਤੇ ਕੁਰਬਾਨੀਆਂ ਦੀ ਚਰਚਾ ਕੀਤੀ। ਗੁਰਿੰਦਰ ਸਿੰਘ ਕਲਸੀ ਨੇ ਪੰਜਾਬੀ ਭਾਸ਼ਾ ਦੀ ਵਿਸ਼ਾਲਤਾ ਦੀ ਗੱਲ ਕਰਦਿਆਂ ਰੁਜ਼ਗਾਰ ਦੇ ਸਾਧਨਾਂ ਵਜੋਂ ਪੰਜਾਬੀ ਭਾਸ਼ਾ ਵਜੋਂ ਸਥਾਪਿਤ ਕਰਨ ਤੇ ਜ਼ੋਰ ਦਿੱਤਾ। ਸਤਿੰਦਰ ਸਿੰਘ ਹੋਠੀ ਨੇ ਪੰਜਾਬੀ ਭਾਸ਼ਾ ਦੇ ਭਵਿੱਖ ਪ੍ਰਤੀ ਖਤਰਿਆਂ ਦਾ ਹਵਾਲਾ ਦਿੰਦਿਆਂ ਪੰਜਾਬੀ ਦੀ ਵਿਸ਼ਾਲਤਾ ਦੀ ਗੱਲ ਕੀਤੀ। ਰਮਿੰਦਰ ਵਾਲੀਆ ਨੇ ਪੰਜਾਬੀ ਨਾਇਕ ਵਜੋਂ ਡਾ. ਸਹਿਮਵੀਰ ਦੀ 35 ਡਿਗਰੀਆਂ ਦੀ ਵਡਿਆਈ ਕੀਤੀ।
ਡਾ. ਸੋਲਮਨ ਨਾਜ਼ ਨੇ ਆਖਿਆ ਕਿ ਪੰਜਾਬੀ ਲੇਖਕਾਂ ਦੀਆਂ ਅਨੇਕਾਂ ਹੀ ਖੋਜ ਅਧਾਰਿਤ ਕਿਤਾਬਾਂ ਆਰਥਿਕਤਾ ਦੀ ਕਮੀ ਕਾਰਨ ਪ੍ਰਕਾਸ਼ਿਤ ਹੋਣ ਤੋਂ ਰਹਿ ਜਾਂਦੀਆਂ ਹਨ ਜਿਸ ਕਾਰਨ ਪੰਜਾਬੀ ਦੇ ਪਸਾਰ ‘ਤੇ ਅਸਰ ਪੈਂਦਾ ਹੈ।
ਚੌਥੇ ਅਕਾਦਮਿਕ ਸੈਸ਼ਨ ‘ਚ ਬਾਲ ਮੁਕੰਦ ਸ਼ਰਮਾ ਨੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਵਰਲਡ ਪੰਜਾਬੀ ਕਾਨਫਰੰਸਾਂ ਦੇ ਯੋਗਦਾਨ ਦੀ ਗੱਲ ਕੀਤੀ। ਨੈਨਸੀ ਨੇ ਪੰਜਾਬੀ ਖਾਣ-ਪਾਣ ਦੀ ਗੱਲ ਕੀਤੀ। ਕੰਚਨ ਸ਼ਰਮਾ ਨੇ ਪੰਜਾਬੀ ਮਾਂ ਬੋਲੀ ਦੀ ਜੀਵਨ ਵਿੱਚ ਅਹਿਮੀਅਤ ਦੀ ਗੱਲ ਕਰਦਿਆਂ ਆਖਿਆ ਕਿ ਅਸੀਂ ਆਪਣੀਆਂ ਭਾਵਨਾਵਾਂ ਨੂੰ ਆਪਣੀ ਮਾਤ ਭਾਸ਼ਾ ਵਿੱਚ ਹੀ ਵਧੀਆ ਤਰੀਕੇ ਨਾਲ ਸੰਚਾਰਿਤ ਕਰ ਸਕਦੇ ਹਾਂ। ਇਸਤੂਫਾਰ ਚੌਧਰੀ ਨੇ 10 ਵੀਂ ਵਰਲਡ ਪੰਜਾਬੀ ਕਾਨਫ਼ਰੰਸ ‘ਤੇ ਸਮੁੱਚੀ ਟੀਮ ਦੇ ਕਾਰਜਾਂ ਦੀ ਸ਼ਲਾਘਾ ਕੀਤੀ।
ਪੰਜਵੇਂ ਸੰਗੀਤਕ ਸੈਸ਼ਨ ਵਿੱਚ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਦਾ ਸੰਚਾਲਨ ਹਲੀਮਾ ਸਾਦੀਆ ਨੇ ਕੀਤਾ। ਕਵੀ ਦਰਬਾਰ ਵਿੱਚ ਡਾ. ਸਾਇਮਾ ਇਰਮ, ਡਾ. ਇਕਬਾਲ ਸ਼ਾਹਿਦ, ਰਾਜਵੰਤ ਬਾਜਵਾ ਤੇ ਹੋਰਾਂ ਨੇ ਕਾਨਫ਼ਰੰਸ ਹਾਲ ਨੂੰ ਕਾਵਿਕ ਰੰਗ ਵਿੱਚ ਰੰਗ ਦਿੱਤਾ।
ਸਕਾਲਰਾਂ ਨੂੰ ਵਰਲਡ ਪੰਜਾਬੀ ਕਾਨਫ਼ਰੰਸ ਦੇ ਸ੍ਰਰਪਸਤ ਅਮਰ ਸਿੰਘ ਭੁੱਲਰ, ਚੈਅਰਮੈਨ ਅਜੈਬ ਸਿੰਘ ਚੱਠਾ, ਸੈਕਟਰੀ ਡਾ. ਸੰਤੋਖ ਸਿੰਘ ਸੰਧੂ, ਜਗਤ ਪੰਜਾਬੀ ਸਭਾ ਦੇ ਪ੍ਰਧਾਨ ਸਰਦੂਲ ਸਿੰਘ ਥਿਆੜਾ ਦੁਆਰਾ ਸਰਟੀਫਿਕੇਟ ਭੇਂਟ ਕੀਤੇ ਗਏ। ਟੀਮ ਵੱਲੋਂ ਬਾਲ ਮੁਕੰਦ ਸ਼ਰਮਾ ਅਤੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਭਾਣਜੇ ਹਕੂਮਤ ਸਿੰਘ ਮੱਲੀ ਦਾ ਸਨਮਾਨ ਵੀ ਕੀਤਾ ਗਿਆ।