ਲੁਧਿਆਣਾ, 6 ਜੁਲਾਈ,ਬੋਲੇ ਪੰਜਾਬ ਬਿਊਰੋ:
ਲੁਧਿਆਣਾ ‘ਚ ਸ਼ਿਵ ਸੈਨਾ ਆਗੂ ਸੰਦੀਪ ਥਾਪਰ ‘ਤੇ ਹਮਲਾ ਕਰਨ ਦੇ ਮਾਮਲੇ ‘ਚ ਲੁਧਿਆਣਾ ਪੁਲਿਸ ਨੇ 2 ਨਿਹੰਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੋਵੇਂ ਮੁਲਜ਼ਮ ਫਤਿਹਗੜ੍ਹ ਸਾਹਿਬ ਕੋਲੋਂ ਗ੍ਰਿਫਤਾਰ ਕੀਤੇ ਹਨ ,ਜਦਕਿ 1 ਮੁਲਜ਼ਮ ਅਜੇ ਫਰਾਰ ਹੈ। ਪੁਲਿਸ ਨੇ ਪ੍ਰੈੱਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਦੱਸਣਯੋਗ ਹੈ ਕਿ ਲੁਧਿਆਣਾ ‘ਚ ਸ਼ੁੱਕਰਵਾਰ ਦੁਪਹਿਰ ਨੂੰ ਸ਼ਿਵ ਸੈਨਾ ਆਗੂ ਅਤੇ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜ ਸੰਦੀਪ ਥਾਪਰ ‘ਤੇ ਸਿਵਲ ਹਸਪਤਾਲ ਦੇ ਬਾਹਰ 3 ਨਿਹੰਗਾਂ ਨੇ ਹਮਲਾ ਕਰ ਦਿੱਤਾ ਸੀ। ਨਿਹੰਗਾਂ ਨੇ ਦਿਨ ਦਿਹਾੜੇ ਉਸਦੀ ਸਕੂਟਰੀ ਘੇਰ ਕੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਸੀ।
ਹਮਲੇ ਦੇ ਸਮੇਂ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਨਾਲ ਗੰਨਮੈਨ ਵੀ ਮੌਜੂਦ ਸੀ। ਉਸ ਕੋਲ ਰਿਵਾਲਵਰ ਸੀ ਪਰ ਨਿਹੰਗਾਂ ਨੇ ਰਿਵਾਲਵਰ ਖੋਹ ਲਈ। ਇਸ ਤੋਂ ਬਾਅਦ ਗੰਨਮੈਨ ਸੰਦੀਪ ਥਾਪਰ ਦਾ ਬਚਾਅ ਕਰਨ ਦੀ ਬਜਾਏ ਇਕ ਪਾਸੇ ਹੋ ਗਿਆ। ਹਮਲੇ ਤੋਂ ਬਾਅਦ ਨਿਹੰਗ ਸਿੰਘ ਸੰਦੀਪ ਥਾਪਰ ਦੀ ਸਕੂਟਰੀ ਲੈ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਸੰਦੀਪ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਸੀ.ਐਮ.ਸੀ.’ਚ ਦਾਖਲ ਕਰਵਾਇਆ ਗਿਆ।
ਇਸ ਘਟਨਾ ਤੋਂ ਬਾਅਦ ਸ਼ਿਵ ਸੈਨਾ ਆਗੂਆਂ ਨੇ ਗੁੱਸੇ ਵਿੱਚ ਆ ਕੇ ਸੜਕ ਜਾਮ ਕਰ ਦਿੱਤੀ ਸੀ। ਸ਼ਿਵ ਸੈਨਾ ਆਗੂਆਂ ਨੇ ਅੱਜ ਲੁਧਿਆਣਾ ਬੰਦ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਰੋਪੀ ਨਾ ਫੜੇ ਗਏ ਤਾਂ ਉਹ ਪੂਰੇ ਪੰਜਾਬ ਵਿੱਚ ਰੋਸ ਪ੍ਰਦਰਸ਼ਨ ਕਰਨਗੇ। ਇਸ ਘਟਨਾ ਦੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ।