ਨਿਹੰਗਾਂ ਦੇ ਬਾਣੇ ‘ਚ ਆਏ ਨੌਜਵਾਨਾਂ ਵੱਲੋਂ ਸ਼ਿਵ ਸੈਨਾ ਆਗੂ ‘ਤੇ ਜਾਨਲੇਵਾ ਹਮਲਾ,ਹਾਲਤ ਗੰਭੀਰ
ਲੁਧਿਆਣਾ, 5 ਜੁਲਾਈ, ਬੋਲੇ ਪੰਜਾਬ ਬਿਊਰੋ :
ਹੁਣੇ ਹੁਣੇ ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਥਾਣਾ ਡਿਵੀਜ਼ਨ ਨੰਬਰ 2 ਦੇ ਇਲਾਕੇ ‘ਚ ਸ਼ਿਵ ਸੈਨਾ ਆਗੂ ਸੰਦੀਪ ਉਰਫ ਗੋਰਾ ਥਾਪਰ ‘ਤੇ ਕੁਝ ਲੋਕਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ।ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਸੰਦੀਪ ਥਾਪਰ ਗੋਰਾ ਆਪਣੇ ਗੰਨਮੈਨ ਨਾਲ ਸਿਵਲ ਹਸਪਤਾਲ ‘ਚ ਚੱਲ ਰਹੇ ਸੰਵੇਦਨਾ ਟਰੱਸਟ ਦੇ ਮੁਖੀ ਰਵਿੰਦਰ ਅਰੋੜਾ ਦੀ ਬਰਸੀ ਸਮਾਗਮ ‘ਚ ਆਏ ਸਨ। ਜਿਵੇਂ ਹੀ ਉਹ ਮੱਥਾ ਟੇਕ ਕੇ ਬਾਹਰ ਨਿਕਲਿਆ ਤਾਂ ਨਿਹੰਗਾਂ ਦੇ ਬਾਣੇ ਵਾਲੇ ਚਾਰ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਦਾ ਗੰਨਮੈਨ ਮੂਕ ਦਰਸ਼ਕ ਬਣ ਕੇ ਇਕ ਪਾਸੇ ਖੜ੍ਹਾ ਰਿਹਾ ਅਤੇ ਗੋਰਾ ਨੂੰ ਬਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।
ਇਸ ਘਟਨਾ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਵਿਚ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਸੀ.ਐਮ.ਸੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਸ਼ਿਵ ਸੈਨਾ ਦੇ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ।