ਐਕਸਾਈਜ਼ ਵਿਭਾਗ ਤੇ ਪੰਜਾਬ ਪੁਲਿਸ ਵੱਲੋਂ ਸਾਂਝੀ ਕਾਰਵਾਈ ਦੌਰਾਨ 15 ਹਜ਼ਾਰ ਕਿਲੋ ਲਾਹਣ ਬਰਾਮਦ
ਗੁਰਦਾਸਪੁਰ, 4 ਜੁਲਾਈ, ਬੋਲੇ ਪੰਜਾਬ ਬਿਊਰੋ :
ਜ਼ਿਲਾ ਗੁਰਦਾਸਪੁਰ ਦੇ ਐਕਸਾਈਜ਼ ਵਿਭਾਗ ਅਤੇ ਜ਼ਿਲਾ ਪੁਲਸ ਨੂੰ ਅੱਜ ਇਕ ਸਾਂਝੇ ਆਪ੍ਰੇਸ਼ਨ ‘ਚ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਬਿਆਸ ਦਰਿਆ ਦੇ ਕੰਢੇ ਤੋਂ ਪਲਾਸਟਿਕ ਦੀਆਂ ਤਰਪਾਲਾਂ ‘ਚ ਛੁਪਾ ਕੇ ਰੱਖੀ ਗਈ 15 ਹਜ਼ਾਰ ਕਿਲੋ ਲਾਹਣ ਬਰਾਮਦ ਕੀਤੀ ਗਈ।
ਇਸ ਸਬੰਧੀ ਆਬਕਾਰੀ ਵਿਭਾਗ ਦੇ ਇੰਸਪੈਕਟਰ ਅਨਿਲ ਕੁਮਾਰ ਅਤੇ ਅਮਰੀਕ ਸਿੰਘ ਨੇ ਦੱਸਿਆ ਕਿ ਸੀਨੀਅਰ ਅਧਿਕਾਰੀ ਹੇਮੰਤ ਸ਼ਰਮਾ ਅਤੇ ਅਮਨਬੀਰ ਸਿੰਘ ਦੀਆਂ ਹਦਾਇਤਾਂ ‘ਤੇ ਅੱਜ ਉਨ੍ਹਾਂ ਵਿਭਾਗ ਦੇ ਮੁਲਾਜ਼ਮਾਂ ਅਤੇ ਭੈਣੀ ਮੀਆਂ ਖਾਂ ਥਾਣਾ ਇੰਚਾਰਜ ਸੁਰਿੰਦਰਪਾਲ ਸਿੰਘ ਨੂੰ ਨਾਲ ਲੈ ਕੇ ਪਿੰਡ ਮੌਜਪੁਰ ਅਤੇ ਬੁੱਢਾ ਨਾਲਾ ਦਾ ਦੌਰਾ ਕੀਤਾ।ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਨਦੀ ਦੀ ਰੇਤ ਵਿੱਚ 50 ਪਲਾਸਟਿਕ ਦੀਆਂ ਤਰਪਾਲਾਂ ਵਿੱਚ ਛੁਪਾ ਕੇ ਰੱਖੀ ਗਈ ਕਰੀਬ 15 ਹਜ਼ਾਰ ਕਿਲੋ ਲਾਹਣ ਬਰਾਮਦ ਕੀਤੀ ਗਈ ਹੈ, ਜਦਕਿ ਛਾਪੇਮਾਰੀ ਦੌਰਾਨ ਕਈ ਡਰੰਮ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ ਜੋ ਨਾਜਾਇਜ਼ ਸ਼ਰਾਬ ਬਣਾਉਣ ਵਿੱਚ ਵਰਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਕਾਫੀ ਮਿਹਨਤ ਤੋਂ ਬਾਅਦ ਇਨ੍ਹਾਂ ਤਰਪਾਲਾਂ ਨੂੰ ਜ਼ਮੀਨ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਹਰ ਪਲਾਸਟਿਕ ਦੀ ਤਰਪਾਲ ਵਿੱਚ 300 ਕਿਲੋ ਲਾਹਣ ਭਰੀ ਹੋਈ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਨ੍ਹਾਂ ਇਲਾਕਿਆਂ ‘ਚ ਛਾਪੇਮਾਰੀ ਦੌਰਾਨ ਵੱਡੀ ਮਾਤਰਾ ‘ਚ ਸ਼ਰਾਬ ਤੇ ਲਾਹਣ ਬਰਾਮਦ ਕੀਤਾ ਗਿਆ ਸੀ।
ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ‘ਤੇ ਕੋਈ ਵੀ ਮੁਲਜ਼ਮ ਨਹੀਂ ਫੜਿਆ ਗਿਆ। ਉੱਚ ਅਧਿਕਾਰੀਆਂ ਦੇ ਹੁਕਮਾਂ ‘ਤੇ ਬਰਾਮਦ ਹੋਏ ਸਾਰੇ ਲਾਹਣ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ।