ਦਿੱਲੀ ਦੇ ਕੁੰਡਲੀ-ਸਿੰਘੂ ਤੇ ਟਿਕਰੀ ਬਾਰਡਰ ਖੁੱਲ੍ਹਣੇ ਸ਼ੁਰੂ
ਚੰਡੀਗੜ੍ਹ, 25 ਫਰਵਰੀ, ਬੋਲੇ ਪੰਜਾਬ ਬਿਊਰੋ :
ਕਿਸਾਨਾਂ ਦਾ ਦਿੱਲੀ ਵੱਲ ਮਾਰਚ 29 ਫਰਵਰੀ ਤੱਕ ਮੁਲਤਵੀ ਕੀਤੇ ਜਾਣ ਤੋਂ ਬਾਅਦ ਦਿੱਲੀ ਪ੍ਰਸ਼ਾਸਨ ਨੇ ਰਾਜਧਾਨੀ ਦਿੱਲੀ ਵੱਲ ਸਰਹੱਦਾਂ ਨੂੰ ਅੰਸ਼ਕ ਤੌਰ ‘ਤੇ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ। ਸ਼ਨੀਵਾਰ ਨੂੰ ਦਿੱਲੀ ਪੁਲਸ ਨੇ ਨੈਸ਼ਨਲ ਹਾਈਵੇ-44 ‘ਤੇ ਸਥਿਤ ਕੁੰਡਲੀ-ਸਿੰਘੂ ਬਾਰਡਰ ਦੇ ਸਰਵਿਸ ਰੋਡ ਤੋਂ ਬੁਲਡੋਜ਼ਰ ਦੀ ਮਦਦ ਨਾਲ ਬੈਰੀਕੇਡ ਹਟਾ ਦਿੱਤੇ। ਬਹਾਦੁਰਗੜ੍ਹ ਵਿੱਚ ਵੀ ਟਿੱਕਰੀ ਬਾਰਡਰ ਦਾ ਇੱਕ ਹਿੱਸਾ ਖੋਲਿਆ ਗਿਆ।ਪੁਲਿਸ ਨੇ 6 ਵਿੱਚੋਂ 5 ਲੇਅਰਾਂ ਦੇ ਬੈਰੀਕੇਡਿੰਗ ਹਟਾ ਦਿੱਤੇ ਹਨ। ਪੁਲੀਸ ਰਾਤ ਤੱਕ ਕੰਕਰੀਟ ਦੀ ਕੰਧ ਹਟਾਉਣ ਵਿੱਚ ਲੱਗੀ ਰਹੀ।ਅੱਜ ਐਤਵਾਰ ਸਵੇਰ ਤੱਕ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਜਾਵੇਗੀ।
ਇਨ੍ਹਾਂ ਦੋਵਾਂ ਰੂਟਾਂ ਦੇ ਖੁੱਲ੍ਹਣ ਨਾਲ ਦਿੱਲੀ-ਹਰਿਆਣਾ ਮਾਰਗ ਦੇ ਯਾਤਰੀਆਂ ਨੂੰ ਰਾਹਤ ਮਿਲੇਗੀ। ਕੁੰਡਲੀ ਖੇਤਰ ਦੇ ਸਨਅਤਕਾਰ, ਦੁਕਾਨਦਾਰ ਅਤੇ ਵਪਾਰੀ 13 ਫਰਵਰੀ ਤੋਂ ਇਨ੍ਹਾਂ ਮਾਰਗਾਂ ਨੂੰ ਖੋਲ੍ਹਣ ਦੀ ਮੰਗ ਕਰ ਰਹੇ ਸਨ। ਦਿੱਲੀ ਪੁਲਿਸ ਅਨੁਸਾਰ ਵਾਹਨਾਂ ਦੀ ਆਵਾਜਾਈ ਲਈ ਰਸਤੇ ਖੋਲ੍ਹੇ ਜਾ ਰਹੇ ਹਨ।
ਦੂਜੇ ਪਾਸੇ ਹਰਿਆਣਾ ਦੇ ਸ਼ੰਭੂ ਅਤੇ ਪੰਜਾਬ ਦੀ ਸਰਹੱਦ ਨਾਲ ਲੱਗਦੇ ਜੀਂਦ ਵਿੱਚ ਦਾਤਾ ਸਿੰਘ ਦੀ ਸਰਹੱਦ ’ਤੇ ਬੀਤੇ ਕੱਲ੍ਹ ਦਿਨ ਭਰ ਸ਼ਾਂਤੀ ਰਹੀ। ਕਿਸਾਨਾਂ ਅਤੇ ਪੁਲਿਸ-ਅਰਧ ਸੈਨਿਕ ਬਲਾਂ ਵਿਚਕਾਰ ਕੋਈ ਟਕਰਾਅ ਨਹੀਂ ਹੋਇਆ। ਦੋਵਾਂ ਥਾਵਾਂ ’ਤੇ ਕਿਸਾਨਾਂ ਨੇ ਮ੍ਰਿਤਕ ਕਿਸਾਨਾਂ ਦੀ ਯਾਦ ਵਿੱਚ ਮੋਮਬੱਤੀ ਮਾਰਚ ਕੱਢਿਆ। ਇਸ ਦੇ ਨਾਲ ਹੀ ਸ਼ੰਭੂ ਸਰਹੱਦ ‘ਤੇ ਬਣੇ ਪੁਲ ‘ਤੇ ਹਰਿਆਣਾ ਵਾਲੇ ਪਾਸੇ ਤੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਕਿਸਾਨਾਂ ਵੱਲੋਂ ਸਰਹੱਦ ਤੋਂ ਕਰੀਬ ਇੱਕ ਕਿਲੋਮੀਟਰ ਪਹਿਲਾਂ ਇੱਕ ਰੱਸਾ ਪਾ ਦਿੱਤਾ ਗਿਆ ਹੈ, ਜਿਸ ਤੋਂ ਕਿਸੇ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਗਿਆ।